ਹਸਪਤਾਲ ਦਾਖ਼ਲ ਹੋਏ ਲੋਕਾਂ ਨੇ ਡਿਊਟੀ ’ਤੇ ਤਾਇਨਾਤ ਮੈਡੀਕਲ ਅਫ਼ਸਰ ਤੇ ਸਟਾਫ ਦੀ ਕੀਤੀ ਕੁੱਟ-ਮਾਰ

06/01/2022 2:40:57 PM

ਪੱਟੀ (ਸੌਰਭ, ਵਿਜੇ) - ਸੀ. ਐੱਚ. ਸੀ. ਕੈਰੋ ਵਿਖੇ ਬੀਤੀ ਰਾਤ ਝਗੜਾ ਕਰ ਕੇ ਹਸਪਤਾਲ ਦਾਖਿਲ ਹੋਣ ਆਏ ਲੋਕਾਂ ਵੱਲੋਂ ਡਿਊਟੀ ਕਰ ਰਹੇ ਮੈਡੀਕਲ ਅਫ਼ਸਰ ਅਤੇ ਸਟਾਫ ਨਾਲ ਕੁੱਟ-ਮਾਰ ਕਰਨ ਤੋਂ ਇਲਾਵਾ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੰਗਲਵਾਰ ਨੂੰ ਸੀ. ਐੱਚ. ਸੀ. ਕੈਰੋ ਦੇ ਸਮੂਹ ਸਟਾਫ ਵੱਲੋਂ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲਤ ਵਤੀਰਾ ਕਰਨ ਵਾਲੇ ਉਕਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸੰਜੀਵ ਕੋਹਲੀ ਦੀ ਅਗਵਾਈ ਵਿਚ ਦੱਸਿਆ ਗਿਆ ਕਿ ਲਖਵਿੰਦਰ ਸਿੰਘ ਵਾਸੀ ਸੇਰੋ, ਉਸ ਦਾ ਫੌਜੀ ਮੁੰਡਾ ਅਤੇ ਭਤੀਜੇ ਵੱਲੋਂ ਬੀਤੀ ਰਾਤ ਕਰੀਬ 2 ਵਜੇ ਹਸਪਤਾਲ ਦਾਖਲ ਹੋਣ ਸਮੇਂ ਮੈਡੀਕਲ ਅਫ਼ਸਰ ਡਾ. ਦੀਪਕ ਮਡਿੰਆਰ, ਸਟਾਫ਼ ਨਰਸ ਸੰਗੀਤ ਕੌਰ ਅਤੇ ਸਾਜਨ ਸ਼ਰਮਾ ਦਰਜਾਚਾਰ ਸਟਾਫ ਨਾਲ ਕੁੱਟ-ਮਾਰ, ਗਾਲੀ-ਗਲੋਚ ਕਰਨ, ਉਪਰੰਤ ਸਰਕਾਰੀ ਰਿਕਾਰਡ ਐੱਮ. ਐੱਲ. ਸੀ. ਰਜਿਸਟਰ ਪਾੜਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਸ ਵਿਚ ਝੂਠਾ ਪਰਚਾ ਕਟਵਾਉਣ ਲਈ ਦਬਾਅ ਬਣਾ ਰਹੇ ਸਨ। ਇਸ ਘਟਣਾ ਸਬੰਧੀ ਪੁਲਸ ਚੌਕੀ ਕੈਰੋ ਅਤੇ ਡੀ. ਐੱਸ. ਪੀ. ਪੱਟੀ ਨੂੰ ਜਾਣੂ ਕਰਵਾ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਦੋਂ ਮਨਿੰਦਰਪਾਲ ਸਿੰਘ ਡੀ. ਐੱਸ. ਪੀ. ਪੱਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਸੀਨੀਅਰ ਮੈਡੀਕਲ ਅਫ਼ਸਰ ਕੈਰੋ ਵੱਲੋਂ ਮਿਲੀ ਦਰਖਾਸਤ ’ਤੇ ਕਾਰਵਾਈ ਕਰਦਿਆਂ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਧਾਰਾ 353/188 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਗਿਆ ਹੈ।


rajwinder kaur

Content Editor

Related News