ਪੰਚਕੂਲਾ ਦੇ ਹਸਪਤਾਲ ''ਚ ਦਫਨ ਹੋ ਗਿਆ ਅੱਠ ਸਾਲ ਪੁਰਾਣੀਆਂ ਮੌਤਾਂ ਦਾ ਰਾਜ਼
Tuesday, Jun 13, 2017 - 11:49 AM (IST)
ਚੰਡੀਗੜ੍ਹ (ਅਰਚਨਾ)-ਪੰਚਕੂਲਾ 'ਚ ਸ਼ੱਕੀ ਹਾਲਤਾਂ 'ਚ ਮਰਨ ਵਾਲਿਆਂ ਦੀ ਮੌਤ ਦਾ ਕਾਰਨ ਮੋਰਚਰੀ 'ਚ ਹੀ ਦਫ਼ਨ ਹੋ ਕੇ ਰਹਿ ਗਿਆ। ਪੰਚਕੂਲਾ ਹਸਪਤਾਲ ਨੇ ਪੁਲਸ ਦੇ ਕਹਿਣ 'ਤੇ 35 ਲਾਸ਼ਾਂ ਦੇ ਵਿਸਰੇ, ਦਿਲ, ਫੇਫੜੇ, ਦਿਮਾਗ, ਲਿਵਰ, ਕਿਡਨੀਆਂ, ਸਪਲੀਨ ਤੇ ਬਲੱਡ ਸੈਂਪਲ ਨੂੰ ਪੋਸਟਮਾਰਟਮ ਦੌਰਾਨ ਕੱਢਿਆ ਸੀ।
ਡਾਕਟਰਾਂ ਨੇ ਵਿਸਰਿਆਂ ਨੂੰ ਪੁਲਸ ਦੇ ਹਵਾਲੇ ਕਰਨਾ ਚਾਹਿਆ ਪਰ ਉਹ ਲੈਣ ਨਹੀਂ ਆਏ। ਅੱਠ ਸਾਲ ਤਕ ਲਗਭਗ 35 ਵਿਸਰੇ ਦੇ ਨਮੂਨੇ ਮੋਰਚਰੀ 'ਚ ਰੱਖੇ ਹੀ ਖਰਾਬ ਹੋ ਗਏ। ਇਸ ਤੋਂ ਬਾਅਦ ਵੀ ਹਸਪਤਾਲ ਦਾ ਫਾਰੈਂਸਿਕ ਵਿਭਾਗ ਪੰਚਕੂਲਾ ਪੁਲਸ ਨੂੰ ਵਾਰ-ਵਾਰ ਵਿਸਰਾ ਲੈ ਕੇ ਸੀ. ਐੱਫ. ਐੱਸ. ਐੱਲ. 'ਚ ਜਮ੍ਹਾ ਕਰਵਾਉਣ ਲਈ ਗੁਜਾਰਿਸ਼ ਕਰਦਾ ਰਿਹਾ।
ਮੋਰਚਰੀ ਤੋਂ ਵਿਸਰਾ ਚੁੱਕਣ ਲਈ ਕਈ ਵਾਰ ਪੁਲਸ ਵਿਭਾਗ ਨੂੰ ਪੱਤਰ ਲਿਖਿਆ ਗਿਆ ਪਰ ਕੇਸਾਂ ਦੇ ਜਾਂਚ ਅਧਿਕਾਰੀਆਂ ਨੇ ਪੱਤਰਾਂ ਨੂੰ ਅਣਡਿੱਠ ਕਰਦੇ ਹੋਏ ਹਸਪਤਾਲ ਦੀ ਇਕ ਨਹੀਂ ਸੁਣੀ। ਲਗਭਗ 10 ਵਿਸਰਿਆਂ ਨੂੰ ਹਾਲਾਂਕਿ ਪੁਲਸ ਨੇ ਚੁੱਕ ਵੀ ਲਿਆ ਪਰ ਅੱਠ ਸਾਲ ਦੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਚਕੂਲਾ ਹਸਪਤਾਲ ਨੇ ਲਗਭਗ 35 ਵਿਸਰਿਆਂ ਨੂੰ ਅੱਗ ਦੀ ਭੇਟ ਕਰ ਦਿੱਤਾ।
ਸੂਤਰਾਂ ਅਨੁਸਾਰ ਤਾਂ ਵਿਸਰਿਆਂ ਨੂੰ ਹਸਪਤਾਲ ਕੈਂਪਸ 'ਚ ਹੀ ਸਾੜਿਆ ਗਿਆ ਤੇ ਕਿਸੇ ਦੀ ਇਜਾਜ਼ਤ ਵੀ ਨਹੀਂ ਲਈ ਗਈ, ਜਦੋਂਕਿ ਚੰਡੀਗੜ੍ਹ ਪੁਲਸ ਨੇ ਵਿਸਰਾ ਨੂੰ ਮਹਿਫੂਜ਼ ਰੱਖਣ ਲਈ ਸ਼ਹਿਰ ਦੇ ਲਗਭਗ ਸਾਰੇ ਥਾਣਿਆਂ ਨੂੰ ਫਰਿੱਜ ਦਿੱਤੇ ਹੋਏ ਹਨ। ਫਾਰੈਂਸਿਕ ਮਾਹਿਰਾਂ ਅਨੁਸਾਰ ਤਾਂ ਮੌਤ ਦਾ ਕਾਰਨ ਜਾਣਨ ਲਈ 7 ਦਿਨਾਂ ਅੰਦਰ ਜਾਂਚ ਕਰਨੀ ਜ਼ਰੂਰੀ ਹੁੰਦੀ ਹੈ, ਕਿਉਂਕਿ ਉਸਤੋਂ ਬਾਅਦ ਲੰਗ, ਲਿਵਰ, ਦਿਲ, ਦਿਮਾਗ ਆਦਿ ਅੰਗ ਖਰਾਬ ਹੋ ਜਾਂਦੇ ਹਨ ਤੇ ਮੌਤ ਦਾ ਕਾਰਨ ਪਤਾ ਨਹੀਂ ਲਗਦਾ। ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਤੋਂ ਵਿਸਰਾ ਲੈਣ ਤੋਂ ਬਾਅਦ ਪੁਲਸ ਜਾਂਚ ਅਧਿਕਾਰੀ ਹੀ ਵਿਸਰਾ ਨੂੰ ਫਾਰੈਂਸਿਕ ਸਾਇੰਸ ਲੈਬੋਰੇਟਰੀ ਤਕ ਲੈ ਜਾਂਦਾ ਹੈ। ਚੰਡੀਗੜ੍ਹ ਪੁਲਸ ਵਿਸਰਾ ਲੈਬ ਤਕ ਪਹੁੰਚਾਉਣ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤਦੀ ਤੇ ਇਸ ਨੂੰ ਫਰਿੱਜ 'ਚ ਰੱਖਣ ਦੀ ਨੌਬਤ ਨਹੀਂ ਆਉਣ ਦਿੰਦੀ।
ਡੇਢ ਸਾਲ ਤੋਂ 15 ਵਿਸਰੇ ਹਾਲੇ ਵੀ ਹਨ ਮੋਰਚਰੀ 'ਚ, ਕਰ ਰਹੇ ਜਾਂਚ ਦਾ ਇੰਤਜ਼ਾਰ
ਇਹੀ ਨਹੀਂ, ਹਾਲੇ ਵੀ ਪੰਚਕੂਲਾ ਹਸਪਤਾਲ 'ਚ ਡੇਢ ਸਾਲ ਤੋਂ ਲਗਭਗ 15 ਵਿਸਰੇ ਲੈਬ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਕਤਲ ਸਾਬਿਤ ਹੋਣ ਵਾਲੇ ਕੇਸਾਂ ਦੇ ਵਿਸਰੇ ਪੁਲਸ ਨਹੀਂ ਛੱਡਦੀ ਪਰ ਜਿਸ 'ਚ ਸ਼ੱਕ ਹੁੰਦਾ ਹੈ, ਉਨ੍ਹਾਂ ਨੂੰ ਲੈ ਕੇ ਕੋਤਾਹੀ ਵਰਤੀ ਜਾਂਦੀ ਹੈ। ਜਦੋਂਕਿ ਅਜਿਹੇ ਵਿਸਰੇ ਵੀ ਜਾਂਚ ਤੋਂ ਬਾਅਦ ਦੱਸ ਸਕਦੇ ਹਨ ਕਿ ਮੌਤ ਨਸ਼ੀਲੇ ਪਦਾਰਥ ਦੇ ਸੇਵਨ ਕਾਰਨ ਹੋਈ ਹੈ ਜਾਂ ਫਿਰ ਕਿਸੇ ਬੀਮਾਰੀ ਕਾਰਨ, ਜਿਸਦਾ ਪਹਿਲਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ।
ਵਿਸਰਾ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਆਉਂਦਾ ਹੈ ਸਾਹਮਣੇ : ਨਸ਼ੀਲਾ ਪਦਾਰਥ ਖਾ ਕੇ ਮਰਨ ਵਾਲਿਆਂ ਤੋਂ ਲੈ ਕੇ ਕਤਲ ਦੇ ਮਾਮਲੇ ਤਕ ਪੁਲਸ ਰਜਿਸਟਰਡ ਕਰਦੀ ਹੈ, ਕਿਉਂਕਿ ਵਿਸਰਾ ਜਾਂਚ ਤੋਂ ਬਾਅਦ ਮੌਤ ਦਾ ਅਸਲ ਕਾਰਨ ਸਾਹਮਣੇ ਆਉਂਦਾ ਹੈ। ਇਸ ਲਈ ਜ਼ਹਿਰ, ਕਤਲ ਦੇ ਮਾਮਲਿਆਂ ਦੇ ਕੇਸ ਦਰਜ ਕਰਨ ਤੋਂ ਬਚਣ ਲਈ ਪੁਲਸ ਵਿਸਰਾ ਜਮ੍ਹਾ ਹੀ ਨਹੀਂ ਕਰਵਾਉਂਦੀ, ਜਦੋਂਕਿ ਪਰਿਵਾਰ ਮੌਤ ਦਾ ਅਸਲ ਕਾਰਨ ਜਾਣਨ ਲਈ ਲਗਾਤਾਰ ਪੁਲਸ ਦੇ ਚੱਕਰ ਕੱਟਦੇ ਰਹਿੰਦੇ ਹਨ। ਇਹੀ ਜਵਾਬ ਮਿਲਦਾ ਹੈ ਕਿ ਰਿਪੋਰਟ ਤੋਂ ਬਾਅਦ ਹੀ ਕਾਰਨ ਦੱਸ ਸਕਾਂਗੇ, ਜਦੋਂਕਿ ਪੁਲਸ ਵਿਸਰਾ ਰਿਪੋਰਟ ਨੂੰ ਜਮ੍ਹਾ ਹੀ ਨਹੀਂ ਕਰਵਾਉਂਦੀ ਤੇ ਗੁੰਮਰਾਹ ਕਰਦੀ ਰਹਿੰਦੀ ਹੈ। ਹਸਪਤਾਲ ਦੇ ਡਾਕਟਰਾਂ ਨੇ ਵਿਸਰੇ ਨੂੰ ਪੁਲਸ ਦੇ ਹਵਾਲੇ ਕਰਨ ਦੀ ਕਈ ਵਾਰ ਕੀਤੀ ਕੋਸ਼ਿਸ਼ ਪਰ ਨਹੀਂ ਆਈ ਪੁਲਸ।
ਵਿਸਰਾ ਰਿਪੋਰਟ ਹੁੰਦੀ ਹੈ ਕੇਸ 'ਚ ਅਹਿਮ ਸਬੂਤ
ਸ਼ੱਕੀ ਹਾਲਤਾਂ 'ਚ ਮੌਤ ਹੋਣ 'ਤੇ ਪੋਸਟਮਾਰਟਮ ਤੋਂ ਬਾਅਦ ਜਦੋਂ ਡਾਕਟਰਾਂ ਨੂੰ ਸਪੱਸ਼ਟ ਤੌਰ 'ਤੇ ਮੌਤ ਦਾ ਕਾਰਨ ਨਹੀਂ ਪਤਾ ਲਗਦਾ ਤਾਂ ਪੁਲਸ ਵਿਸਰਾ ਜਾਂਚ ਲਈ ਲੈਬ 'ਚ ਭੇਜਦੀ ਹੈ। ਰਿਪੋਰਟ ਹੀ ਦੱਸਦੀ ਹੈ ਕਿ ਮੌਤ ਦਾ ਕਾਰਨ ਜ਼ਹਿਰੀਲਾ ਪਦਾਰਥ ਖਾਣਾ ਸੀ ਜਾਂ ਫਿਰ ਕਿਸੇ ਬੀਮਾਰੀ ਕਾਰਨ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਦੋਂ ਵਿਸਰਾ ਰਿਪੋਰਟ ਨਹੀਂ ਪਹੁੰਚਦੀ ਤਾਂ ਸ਼ੱਕੀ ਕੇਸ ਅਦਾਲਤ 'ਚ ਮਜ਼ਬੂਤ ਨਹੀਂ ਰਹਿੰਦਾ ਤੇ ਉਹ ਖਤਮ ਹੋ ਜਾਂਦਾ ਹੈ।
ਦੋ ਲੈਬਾਂ 'ਚ ਜਾਂਦੇ ਹਨ ਵਿਸਰੇ
ਸ਼ੱਕੀ ਮੌਤਾਂ ਦਾ ਵਿਸਰਾ ਜਾਂਚ ਲਈ ਹਸਪਤਾਲ ਤੋਂ ਲੈ ਕੇ ਫਾਰੈਂਸਿਕ ਲੈਬ 'ਚ ਜਮ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਜਾਂਚ ਅਧਿਕਾਰੀ ਦੀ ਹੁੰਦੀ ਹੈ। ਪੁਲਸ ਨੂੰ ਹੀ ਲੈਬ 'ਚ ਵਿਸਰਾ ਜਮ੍ਹਾ ਕਰਵਾਉਂਦੇ ਹੋਏ ਬਕਾਇਦਾ ਵਿਸਰੇ 'ਤੇ ਮ੍ਰਿਤਕ ਦਾ ਨਾਮ, ਸੀ. ਆਰ. ਨੰਬਰ, ਪਤਾ, ਕੇਸ ਤੇ ਐੱਫ. ਆਈ. ਆਰ. ਨੰਬਰ ਵੀ ਲਿਖਵਾਉਣਾ ਹੁੰਦਾ ਹੈ। ਪੰਚਕੂਲਾ ਪੁਲਸ ਨੂੰ ਵਿਸਰਾ ਹਿਸਟੋਪੈਥੋਲਾਜੀਕਲ ਜਾਂਚ ਲਈ ਸੋਨੀਪਤ ਖਾਨਪੁਰ ਕਲਾਂ ਤੇ ਕਰਨਾਲ ਸਥਿਤ ਮਧੂਬਨ ਲੈਬ 'ਚ ਭੇਜਣਾ ਹੁੰਦਾ ਹੈ।
