ਜੀ. ਟੀ. ਰੋਡ ਸਥਿਤ ਮਾਲ ਦੀ ਤੀਜੀ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ, ਮੌਤ

08/23/2017 5:22:01 PM

ਅੰਮ੍ਰਿਤਸਰ (ਸੰਜੀਵ) - ਜੀ. ਟੀ. ਰੋਡ ਸਥਿਤ ਇਕ ਮਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਦੀ ਦੇਰ ਰਾਤ ਹਸਪਤਾਲ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਤਮ-ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਰਣਵੀਰ ਸਿੰਘ, ਚੰਦਵੀਰ ਸਿੰਘ ਅਤੇ ਰਾਜਨ ਨਿਵਾਸੀ ਤਰਨਤਾਰਨ ਖਿਲਾਫ ਕੇਸ ਦਰਜ ਕਰ ਉਕਤ ਰਣਵੀਰ ਸਿੰਘ ਨੂੰ ਮੌਕੇ 'ਤੋਂ ਗ੍ਰਿਫਤਾਰ ਕਰ ਲਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਕੁਝ ਸਮੇਂ ਤੋਂ ਲਗਾਤਾਰ ਸਿਮਰਨਜੀਤ ਕੌਰ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਸ ਨੇ ਮਾਲ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮਿÎ੍ਰਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 
ਮ੍ਰਿਤਕਾ ਦੇ ਪਿਤਾ ਵਰਿੰਦਰ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਦੋਸ਼ੀ ਲਗਾਤਾਰ ਉਨ੍ਹਾਂ ਦੀ ਲੜਕੀ ਨੂੰ ਪਰੇਸ਼ਾਨ ਕਰ ਰਹੇ ਸਨ। ਉਹ ਪੜ੍ਹਨ ਲਈ ਅੰਮ੍ਰਿਤਸਰ ਆਉਂਦੀ ਸੀ। ਸੋਮਵਾਰ ਸ਼ਾਮ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਮਾਲ 'ਚ ਘੇਰ ਰੱਖਿਆ ਹੈ ਅਤੇ ਉਸ ਨੂੰ ਧਮਕੀਆਂ ਦੇ ਰਹੇ ਹਨ, ਜਿਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਉਨ੍ਹਾਂ ਨੂੰ ਦੇਰ ਸ਼ਾਮ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਮਕਬੂਲਪੁਰ ਦੇ ਇੰਚਾਰਜ ਵਰਿੰਦਰ ਮਹਾਜਨ ਨੇ ਦੱਸਿਆ ਕਿ ਮ੍ਰਿਤਕਾ ਦੇ ਪਾਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
 


Related News