ਹੁਸ਼ਿਆਰਪੁਰ ਵਾਸੀਆਂ ਲਈ ਅਹਿਮ ਖ਼ਬਰ, ਜਲਦ ਪੂਰੀਆਂ ਹੋਣਗੀਆਂ ਇਹ ਦੋ ਮੰਗਾਂ
Friday, Mar 17, 2023 - 12:35 PM (IST)
ਹੁਸ਼ਿਆਰਪੁਰ (ਜੈਨ)-ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨਾਲ ਮੁਲਾਕਾਤ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਦੇ ਯਤਨਾਂ ਸਦਕਾ 2 ਬਹੁਤ ਹੀ ਮਹੱਤਵਪੂਰਨ ਨਵੇਂ ਰੇਲਵੇ ਲਿੰਕ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਲ ਰਹੇ ਹਨ। ਇਸ ਵਿਚ ਇਕ ਤਲਵਾੜਾ-ਮੁਕੇਰੀਆਂ ਰੇਲਵੇ ਲਿੰਕ ਹੈ, ਜਿਸ ਲਈ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਟੈਂਡਰ ਪਾਸ ਹੋਣ ਤੋਂ ਬਾਅਦ 411 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਦੂਜਾ ਸਭ ਤੋਂ ਅਹਿਮ ਪ੍ਰਾਜੈਕਟ, ਜਿਸ ਦੀ ਹੁਸ਼ਿਆਰਪੁਰ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਨੂੰ ਜਲੰਧਰ ਤੋਂ ਇਲਾਵਾ ਕਿਸੇ ਹੋਰ ਸਟੇਸ਼ਨ ਨਾਲ ਜੋੜਿਆ ਜਾਵੇ, ਤਾਂ ਜੋ ਵਾਇਆ ਹੁਸ਼ਿਆਰਪੁਰ ਕੁਝ ਰੇਲ ਗੱਡੀਆਂ ਚਲਾਈਆਂ ਜਾ ਸਕਣ, ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਭਾਰਤ ਸਰਕਾਰ ਨੇ ਬੀਤੀ 28 ਫਰਵਰੀ ਨੂੰ ਫ਼ੈਸਲਾ ਕੀਤਾ ਹੈ ਕਿ ਟਾਂਡਾ ਤੋਂ ਹੁਸ਼ਿਆਰਪੁਰ ਰੇਲਵੇ ਲਿੰਕ ਬਣਾਇਆ ਜਾਵੇਗਾ। ਇਸ 33.76 ਕਿਲੋਮੀਟਰ ਰੇਲਵੇ ਲਿੰਕ ਲਈ ਅੰਤਿਮ ਸਰਵੇ ਲਈ 84.40 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਪੁੱਜੀ, ਖੰਗਾਲੇ ਰਿਕਾਰਡ
ਸਰਵੇ ਤੋਂ ਬਾਅਦ ਨਵੀਆਂ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਹੁਸ਼ਿਆਰਪੁਰ ਰੇਲਵੇ ਦੇ ਰਾਸ਼ਟਰੀ ਨਕਸ਼ੇ ’ਤੇ ਉੱਭਰ ਸਕੇਗਾ। ਅਜਿਹੀ ਸਥਿਤੀ ਵਿਚ ਜੰਮੂ ਤੋਂ ਪੰਜਾਬ ਵੱਲ ਆਉਣ ਵਾਲੀਆਂ ਕੁਝ ਰੇਲ ਗੱਡੀਆਂ ਹੁਸ਼ਿਆਰਪੁਰ ਦੇ ਰਸਤੇ ਅਗਲੀ ਮੰਜ਼ਿਲ ਲਈ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ, ਜੋਕਿ ਰੇਲਵੇ ਵਿਭਾਗ ਅਧੀਨ ਆਉਂਦੀ ਹੈ, ਉਸ ਦਾ ਵੀ ਆਰ. ਸੀ. ਸੀ. ਨਾਲ ਪੂਰੀ ਤਰ੍ਹਾਂ ਨਿਰਮਾਣ ਕੀਤਾ ਗਿਆ ਹੈ। ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਰੇਲਵੇ ਸਟੇਸ਼ਨ ਬਣਾਉਣ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿਚ ਫਰੰਟ ਪੋਰਚ ਨੂੰ ਨਵਾਂ ਬਣਾਉਣਾ, ਲਾਈਟਾਂ, ਨਵਾਂ ਵੇਟਿੰਗ ਹਾਲ, ਨਵਾਂ ਪਲੇਟਫਾਰਮ, ਨਵੇਂ ਬੈਂਚ ਅਤੇ ਨਵਾਂ ਟਾਇਲਟ ਬਲਾਕ ਅਤੇ ਓਵਰਬ੍ਰਿਜ ਆਦਿ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਇਕ ਸਾਲ ਪੂਰਾ ਹੋਣ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਘੇਰੀ ਪੰਜਾਬ ਸਰਕਾਰ, ਖੜ੍ਹੇ ਕੀਤੇ ਵੱਡੇ ਸਵਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।