ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਹੁਸ਼ਿਆਰਪੁਰ ਦੇ ਲੋਕਾਂ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
Thursday, Mar 26, 2020 - 07:27 PM (IST)
ਫਗਵਾੜਾ,(ਹਰਜੋਤ ਚਾਨਾ): ਦੇਸ਼ 'ਚ ਫ਼ੈਲੇ ਕਰੋਨਾ ਵਾਇਰਸ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਜਨਤਾ ਦੀ ਭਲਾਈ ਲਈ 50 ਲੱਖ ਰੁਪਏ ਦੀ ਰਾਸ਼ੀ ਐਮ.ਪੀ. ਫ਼ੰਡ 'ਚੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਔਖੀ ਘੜੀ 'ਚ ਜਨਤਾ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਨੂੰ ਤੰਦਰੁਸਤ ਰੱਖਣ ਲਈ ਪੂਰੀ ਤਰ੍ਹਾਂ ਡੱਟੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਘਰਾ 'ਚ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਲੋਕਾਂ ਨੂੰ ਪ੍ਰਸਾਸ਼ਨ ਤੇ ਪੁਲਸ ਦਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਵੱਲੋਂ 1 ਲੱਖ 70 ਹਜ਼ਾਰ ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਪੈਕੇਜ ਜਾਰੀ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੀਮ ਰਾਹੀਂ 80 ਕਰੋੜ ਗਰੀਬ ਲੋਕਾਂ ਲਈ 5 ਕਿਲੋ ਕਣਕ, ਚਾਵਲ ਅਤੇ ਦਾਲ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਨਰੇਗਾ ਸਕੀਮ ਅਧੀਨ 5 ਕਰੋੜ ਲੋਕਾਂ ਦੀ ਤਨਖ਼ਾਹ 182 ਰੁਪਏ ਤੋਂ ਵੱਧਾ ਕੇ 202 ਰੁਪਏ ਕਰਨ ਅਤੇ 3 ਮਹੀਨੇ ਗਰੀਬ ਔਰਤਾਂ ਨੂੰ ਗੈਸ ਸਿਲੰਡਰ ਮੁਫ਼ਤ ਦੇਣ ਲਈ, 20 ਕਰੋੜ ਕਿਸਾਨਾਂ ਲਈ 2 ਹਜ਼ਾਰ ਰੁਪਏ ਪ੍ਰਤੀ ਕਿਸਾਨ ਉਨ੍ਹਾਂ ਦੇ ਖਾਤਿਆਂ 'ਚ ਪਾਉਣ, ਬਜ਼ੁਰਗਾ ਅਤੇ ਵਿਧਵਾਵਾਂ ਲਈ 1 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਅਤੇ ਜਨ-ਧਨ ਸਕੀਮ ਅਧੀਨ 20 ਕਰੋੜ ਖਾਤਾ ਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇਣ ਅਤੇ ਸਾਰੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰਾਂ ਦਾ 50 ਲੱਖ ਰੁਪਏ ਦਾ ਬੀਮਾ ਕਰਨ ਦਾ ਧੰਨਵਾਦ ਕੀਤਾ ਹੈ।