ਹੁਸ਼ਿਆਰਪੁਰ ''ਚ ਹੋਵੇਗਾ ਪਹਿਲਾ ਰਾਈਟਰਸ ਫੈਸਟੀਵਲ

11/21/2019 4:37:39 PM

ਹੁਸ਼ਿਆਰਪੁਰ (ਘੁੰਮਣ)— ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ 23 ਨਵੰਬਰ ਨੂੰ ਆਪਣੇ ਪਹਿਲੇ ਰਾਈਟਰਸ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਕ ਰੋਜ਼ਾ ਸਮਾਰੋਹ ਸਿਟਰਸ ਕਾਊਂਟੀ ਪਿੰਡ ਛਾਉਣੀ ਕਲਾਂ 'ਚ ਕਰਵਾਇਆ ਜਾਵੇਗਾ। ਇਹ ਵਿਚਾਰ ਪੰਜਾਬ ਦੇ ਸੂਚਨਾ ਕਮਿਸ਼ਨਰ ਅਤੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਬੀਤੇ ਦਿਨ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਗਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਦੀ ਪ੍ਰਧਾਨ ਸਨਾ ਕੇ. ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਪੰਜਾਬ ਦੇ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਸਾਹਿਤਕ ਫਿਜ਼ਾ ਦੇ ਰੰਗ 'ਚ ਰੰਗਣ ਲਈ ਦੇਸ਼ ਦੇ ਪ੍ਰਸਿੱਧ ਲੇਖਕ ਅਤੇ ਪੈਨਲਿਸਟ ਆ ਰਹੇ ਹਨ। ਲੇਖਕਾਂ ਦੀ ਸੂਚੀ 'ਚ ਉਪਮਨਿਊ ਚੈਟਰਜੀ ਤੋਂ ਇਲਾਵਾ ਹੋਰ ਨਾਮੀ ਲੇਖਕ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਮੰਚ ਦਾ ਸੰਚਾਲਨ ਰਵੀ ਸਿੰਘ (ਸਹਿ-ਸੰਸਥਾਪਕ ਸਪੀਕਿੰਗ ਟਾਈਗਰ) ਵੱਲੋਂ ਕੀਤਾ ਜਾਵੇਗਾ। ਲੇਖਕਾਂ ਦੇ ਇਸ ਉਤਸਵ 'ਚ ਭਾਗ ਲੈਣ ਲਈ ਮਸ਼ਹੂਰ ਲੇਖਿਕਾ ਰਖਸ਼ੰਦਾ ਜਲੀਲ ਵੀ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਨਵੀਂ ਪੁਸਤਕ 'ਬਟ ਯੂ ਡੌਂਟ ਲੁਕ ਲਾਈਕ ਏ ਮੁਸਲਿਮ' 'ਤੇ ਚਰਚਾ ਕੀਤੀ ਜਾਵੇਗੀ, ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਸੀਨੀਅਰ ਪੱਤਰਕਾਰ ਨਿਰੂਪਮਾ ਦੱਤ ਵੱਲੋਂ ਕੀਤੀ ਜਾਵੇਗੀ।
ਖੁਸ਼ਵੰਤ ਸਿੰਘ ਨੇ ਕਿਹਾ ਕਿ ਇਸ ਫੈਸਟੀਵਲ ਰਾਹੀਂ ਸਮਾਜ 'ਚ ਸੰਵੇਦਨਸ਼ੀਲ ਵਿਸ਼ਿਆਂ ਅਤੇ ਭਾਰਤੀ ਲੋਕਤੰਤਰ ਦੇ ਮੁੱਦਿਆਂ 'ਤੇ ਇਕ ਨਰੋਈ ਅਤੇ ਰਚਨਾਤਮਕ ਬਹਿਸ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰਾਈਟਰਸ ਫੈਸਟੀਵਲ 'ਚ ਮਨੋਰੰਜਨ ਅਤੇ ਪੰਜਾਬੀ ਸਿਨੇਮਾ ਦੇ ਉਭਰਦੇ ਹੋਏ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। 
ਉਨ੍ਹਾਂ ਦੱਸਿਆ ਕਿ ਇਹ ਮਹਾਉਤਸਵ 23 ਨਵੰਬਰ ਨੂੰ ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਮਹਾਨ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਕਵਿਤਾ 'ਪੰਜਾਬ ਇਕ ਕਵੀ ਦੀ ਨਜ਼ਰ' ਨਾਲ ਸਮਾਪਤ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜਾਣਕਾਰੀ ਭਰਪੂਰ ਇਸ ਫੈਸਟੀਵਲ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਇਸ ਫੈਸਟੀਵਲ ਦਾ ਫਾਇਦਾ ਉਠਾਉਣ ਲਈ ਕਿਹਾ।

ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਦੀ ਪ੍ਰਧਾਨ ਸਨਾ ਕੇ. ਗੁਪਤਾ ਨੇ ਕਿਹਾ ਕਿ ਫੈਸਟੀਵਲ ਦੌਰਾਨ ਵੱਖ-ਵੱਖ ਸੈਸ਼ਨਾਂ 'ਚ ਪੈਨਲਿਸਟ ਦੇ ਤੌਰ 'ਤੇ ਅਭਿਨੇਤਾ ਰਣਵੀਰ ਸ਼ੋਰੀ, ਐਕਸ ਵਾਇਆਕਾਮ ਦੇ ਸੀ. ਓ. ਓ. ਰਾਜ ਨਾਇਕ, ਜਿਓਤੀ ਕਮਲ, ਅਭਿਨੇਤਾ ਗੁਰਪ੍ਰੀਤ ਸਿੰਘ ਘੁੱਗੀ, ਨਿਰਦੇਸ਼ਕ ਅਨੁਰਾਗ ਸਿੰਘ, ਸਾਬਕਾ ਮਿਸ ਇੰਡੀਆ ਅਤੇ ਅਭਿਨੇਤਰੀ ਨਵਨੀਤ ਢਿੱਲੋਂ, ਲੇਖਕ ਜਤਿੰਦਰ ਮੌਹਰ, ਸੋਨਾਲੀ ਖੁੱਲਰ ਸ਼ਰਾਫ ਸਮੇਤ ਕਈ ਕੱਦਾਵਰ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰਾਈਟਰਸ ਫੈਸਟੀਵਲ 'ਚ ਦਾਖਲਾ ਮੁਫਤ ਹੈ, ਇਸ ਲਈ ਸਾਹਿਤ ਪ੍ਰੇਮੀ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ। ਇਸ ਮੌਕੇ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਦੇ ਮੈਂਬਰਾਂ 'ਚ ਦਿਨੇਸ਼ ਦੁੱਗਲ, ਨਜਮ ਅਤੇ ਡੌਲੀ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।


shivani attri

Content Editor

Related News