ਹੁਸ਼ਿਆਰਪੁਰ ਦੇ ਕਿਸਾਨ ਹਰਪ੍ਰੀਤ ਨੇ ਪੰਜਾਬ, ਚੰਡੀਗਡ਼੍ਹ ਤੇ ਦਿੱਲੀ ਭਾਜਪਾ ਪ੍ਰਧਾਨਾਂ ਨੂੰ ਭੇਜਿਆ ਕਾਨੂੰਨੀ ਨੋਟਿਸ

Thursday, Dec 24, 2020 - 10:45 PM (IST)

ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨਡਾਲੋ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੰਜਾਬ ਭਾਜਪਾ ਦੇ ਆਗੂਆਂ ਨੇ ਮੈਨੂੰ ਪ੍ਰਗਤੀਸ਼ੀਲ ਕਿਸਾਨ ਦੱਸ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਵਿਵਾਦਗ੍ਰਸਤ ਤਿੰਨੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸ ਕੇ ਮੇਰੀ ਤਸਵੀਰ ਨੂੰ ਬਿਨਾਂ ਮੇਰੀ ਇਜਾਜ਼ਤ ਗਲਤ ਪ੍ਰਯੋਗ ਕੀਤਾ ਹੈ ਅਤੇ ਮੈਨੂੰ ਪੁੱਛੇ ਬਿਨਾਂ ਮੇਰੀ ਤਸਵੀਰ ਨੂੰ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਪਾ ਕੇ ਭਾਜਪਾ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਚਾਲ ਚੱਲੀ ਹੈ। ਉਸ ਖਿਲਾਫ਼ ਮੈਂ ਆਪਣੇ ਵਕੀਲ ਰਾਹੀਂ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਭਾਜਪਾ ਪ੍ਰਧਾਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਾਨੂੰਨੀ ਨੋਟਿਸ ਵਿਚ ਭਾਜਪਾ ਆਗੂਆਂ ਨੂੰ ਸੱਤ ਦਿਨਾ ਦੇ ਅੰਦਰ-ਅੰਦਰ ਇਸ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁਆਫੀ ਨਹੀਂ ਮੰਗੇਗੀ ਤਾਂ ਮੈਂ ਆਪਣੇ ਵਕੀਲ ਨਾਲ ਗੱਲਬਾਤ ਕਰ ਕੇ ਭਾਜਪਾ ਆਗੂਆਂ ਖਿਲਾਫ ਅਦਾਲਤ ਵਿਚ ਅਪਰਾਧਿਕ ਅਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਜਪਾ ਦੀ ਪੰਜਾਬ ਇਕਾਈ ਨੇ ਇਕ ਪ੍ਰਗਤੀਸ਼ੀਲ ਕਿਸਾਨ ਦੀ ਫੋਟੋ ਭਾਜਪਾ ਦੇ ਅਧਿਕਾਰਤ ਪੇਜ ਅਤੇ ਟਵਿੱਟਰ ਅਕਾਊਂਟ ਦੇ ਨਾਲ ਹੀ ਹੋਰ ਪ੍ਰਚਾਰ ਦੇ ਮਾਧਿਅਮਾਂ ਵਿਚ ਪ੍ਰਕਾਸ਼ਿਤ ਕੀਤੀ ਸੀ।

ਭਾਜਪਾ ਨੇਤਾਵਾਂ ਨੇ ਵਿਵਾਦ ਵਧਦੇ ਹੀ ਕਰ ਦਿੱਤਾ ਹੈ ਪੋਸਟ ਡਿਲੀਟ

ਜ਼ਿਕਰਯੋਗ ਹੈ ਕਿ ਵਿਵਾਦਪੂਰਨ ਪੋਸਟ ਵਾਇਰਲ ਹੋਣ ਤੋਂ ਬਾਅਦ ਭਾਜਪਾ ਦੇ ਆਈ. ਟੀ. ਸੈੱਲ ਨੂੰ ਭਾਜਪਾ ਨੇਤਾਵਾਂ ਨੇ ਵਿਵਾਦ ਵਧਦਾ ਦੇਖ ਕੇ ਤਤਕਾਲ ਪੋਸਟ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਪੰਜਾਬ ਇਕਾਈ ਵਲੋਂ ਪ੍ਰਗਤੀਸ਼ੀਲ ਕਿਸਾਨ ਦੀ ਪੋਸਟ ਨੂੰ ਭਾਜਪਾ ਦੇ ਸੋਸ਼ਲ ਮੀਡੀਆ ਦਾ ਸਾਰੇ ਅਧਿਕਾਰਤ ਪੇਜ਼ਾਂ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਸੰਪਰਕ ਕਰਨ ’ਤੇ ਭਾਜਪਾ ਦੇ ਚੋਟੀ ਦੇ ਨੇਤਾਵਾਂ ਮੁਤਾਬਕ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਕਿਸਾਨ ਹਰਪ੍ਰਤੀ ਸਿੰਘ ਦੀ ਫੋਟੋ ਕਿਥੋਂ ਆਈ ਹੈ। ਭਾਜਪਾ ਇਸ ਮਾਮਲੇ ਦੀ ਜਾਂਚ ਕਰਵਾ ਰਹੀ ਹੈ। ਜਾਂਚ ਤੋਂ ਬਾਅਦ ਹੀ ਇਸ ਵਿਚ ਕੁਝ ਅੱਗੇ ਕਿਹਾ ਜਾ ਸਕੇਗਾ।


Bharat Thapa

Content Editor

Related News