ਪ੍ਰਾਚੀਨ ਸੀਤਲਾ ਮਾਤਾ ਮੰਦਰ ਬਣਿਆ ਸ਼ਰਧਾਲੂਆਂ ਦੀ ਸ਼ਰਧਾ ਦਾ ਕੇਂਦਰ
Wednesday, Mar 27, 2019 - 04:26 AM (IST)

ਹੁਸ਼ਿਆਰਪੁਰ (ਜ.ਬ.)-ਸਥਾਨਕ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਸਥਿਤ ਇਤਿਹਾਸਕ ਪ੍ਰਾਚੀਨ ਸੀਤਲਾ ਮਾਤਾ ਤੇ ਸ਼ਿਵ ਮੰਦਰ (ਨਜ਼ਦੀਕ ਮਾਤਾ ਰਾਣੀ ਚੌਕ) ਇਲਾਕੇ ਅਤੇ ਦੂਰ-ਦੁਰਾਡਿਓਂ ਆਉਣ ਵਾਲੇ ਭਗਤਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ ਸ਼ਰਧਾਲੂ ਪੂਜਾ-ਅਰਚਨਾ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਦੇ ਤਿਉਹਾਰ ਉਪਰੰਤ ਆਉਂਦੇ ਮੰਗਲਵਾਰ ਨੂੰ ਮੰਦਰ ਵਿਖੇ ਸੀਤਲਾ ਮਾਤਾ ਦੇ ਬਾਜਡ਼ੇ ਦਾ ਮੇਲਾ ਪਿਛਲੇ ਕਾਫੀ ਸਮੇਂ ਤੋਂ ਲਾਇਆ ਜਾ ਰਿਹਾ ਹੈ। ਪ੍ਰਾਚੀਨ ਸੀਤਲਾ ਮਾਤਾ ਮੰਦਰ ਦੇ ਕਮੇਟੀ ਮੈਂਬਰਾਂ ਅਤੇ ਭਗਤਾਂ ਨੇ ਦੱਸਿਆ ਕਿ ਮੰਦਰ ’ਚ ਪੁਰਾਣੀ ਪ੍ਰੰਪਰਾ ਅਨੁਸਾਰ ਬਾਜਡ਼ੇ ਦਾ ਮੇਲਾ ਹੋਲੀ ਦੇ ਤਿਉਹਾਰ ਤੋਂ ਬਾਅਦ ਆਉਂਦੇ ਮੰਗਲਵਾਰ ਨੂੰ ਸ਼ੁਰੂ ਹੁੰਦਾ ਹੈ। ਮੇਲੇ ਦੌਰਾਨ ਸ਼ਰਧਾਲੂ ਖਾਸ ਤੌਰ ’ਤੇ ਔਰਤਾਂ ਰਾਤ ਨੂੰ ਬਣਾਈ ਗਈ ਮਿੱਠੀ ਰੋਟੀ ਤੇ ਨਮਕੀਨ ਰੋਟੀਆਂ ਨੂੰ ਸਵੇਰੇ ਸੀਤਲਾ ਮਾਤਾ ਦੇ ਮੰਦਰ ਵਿਚ ਚਡ਼੍ਹਾ ਕੇ ਇਹ ਪ੍ਰਸ਼ਾਦ ਲੋਕਾਂ ਵਿਚ ਵੰਡਦੇ ਹਨ ਅਤੇ ਕਈ ਭਗਤ ਮੰਦਰ ਵਿਚ ਕੱਚੀ ਲੱਸੀ ਚਡ਼੍ਹਾਉਂਦੇ ਹਨ। ਮੰਦਰ ਦੇ ਪਿਛਲੇ ਸਥਾਨ ’ਤੇ ਪੁਰਾਣਾ ਪਿੱਪਲ ਦਾ ਦਰੱਖ਼ਤ ਹੈ, ਜਿੱਥੇ ਭਗਤ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਮੌਲੀ ਬੰਨ੍ਹਦੇ ਹਨ। ਵਿਆਹ ਦੇ ਮੌਕਿਆਂ ’ਤੇ ਇਥੇ ਲਾੜੇ-ਲਾੜੀ ਤੋਂ ਇਲਾਵਾ ਪੁੱਤਰ ਪ੍ਰਾਪਤੀ ਵਾਲੇ ਭਗਤ ਢੋਲ ਤੇ ਬੈਂਡਵਾਜੇ ਸਹਿਤ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੁਰਾਣੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੰਦਰ ਕਮੇਟੀ ਵੱਲੋਂ ਭਗਤਾਂ ਦੀ ਹਾਜ਼ਰੀ ’ਚ ਜੈਕਾਰਿਆਂ ਦੀ ਗੂੰਜ ਨਾਲ ਪਵਿੱਤਰ ਝੰਡੇ ਦੀ ਰਸਮ ਉਪਰੰਤ ਸੀਤਲਾ ਮਾਤਾ ਦੇ ਮੰਦਰ ਵਿਚ ਬਾਜਡ਼ੇ ਦੇ ਸਾਲਾਨਾ ਮੇਲੇ ਦਾ ਸ਼ੁੱਭ ਆਰੰਭ ਕੀਤਾ ਗਿਆ ਅਤੇ ਲੋਕਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਅੱਜ ਸਵੇਰ ਤੋਂ ਹੀ ਸ਼ਰਧਾਲੂ ਕਤਾਰਾਂ ਵਿਚ ਖੜ੍ਹੇ ਜੈਕਾਰੇ ਲਾਉਂਦੇ ਅਤੇ ਭਜਨ ਕੀਰਤਨ ਕਰਦੇ ਹੋਏ ਆ ਰਹੇ ਸਨ, ਜਿਨ੍ਹਾਂ ਸੀਤਲਾ ਮਾਤਾ ਸਾਹਮਣੇ ਮੱਥਾ ਟੇਕ ਅਤੇ ਪ੍ਰਸ਼ਾਦ ਚਡ਼੍ਹਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਬਰਜਿੰਦਰ ਅਗਰਵਾਲ, ਪ੍ਰਦੀਪ ਵਾਲੀਆ, ਪਵਨ ਸ਼ਰਮਾ, ਅਜੈ ਗੋਰਾ, ਰਵਿੰਦਰ ਸਿੰਘ, ਬਿੱਲਾ ਕਤਨਾ, ਪ੍ਰਿਤਪਾਲ ਕਾਲੀ, ਰਿੱਕੀ, ਜੋਤੀ, ਮਾ. ਪ੍ਰਜੇਸ਼ ਕੁਮਾਰ, ਮਿੰਟੂ ਬਹਿਲ, ਵਿਨੈ ਕੁਮਾਰ, ਰਾਜਿੰਦਰ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।