2023 ਜੈਜੋਂ ਹਾਦਸੇ ਤੋਂ ਬਾਅਦ ਅਜੇ ਵੀ ਨਹੀਂ ਬਣਿਆ ਪੁਲ: ਨਿਮਿਸ਼ਾ ਮਹਿਤਾ
Wednesday, Jun 18, 2025 - 12:45 PM (IST)

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਲਾਕਾ ਵਾਸੀਆਂ ਨੂੰ 11 ਅਗਸਤ 2023 ਨੂੰ ਹੋਏ ਜੈਜੋਂ ਚੋਅ ਹਾਦਸੇ ਦੀ ਯਾਦ ਕਰਵਾਉਂਦੇ ਕਿਹਾ ਕਿ ਇਸ ਭਿਆਨਕ ਹਾਦਸੇ ਨੂੰ ਕਰੀਬ ਦੋ ਸਾਲ ਪੂਰੇ ਹੋਣ ਲੱਗੇ ਹਨ ਪਰ ਚੋਅ ਦੇ ਮਾਰੂ ਪਾਣੀ ਤੋਂ ਬਚਾਉਣ ਲਈ ਅਜੇ ਤੱਕ ਉਥੇ ਨਾ ਕੋਈ ਪੁਲ ਬਣਾਇਆ ਗਿਆ ਹੈ ਅਤੇ ਨਾ ਹੀ ਚੋਅ ਦੇ ਦੁਆਲੇ ਵਾਹਨਾਂ ਦੀ ਸੁਰੱਖਿਆ ਲਈ ਕੋਈ ਪਿੱਲਰ ਲਗਾਏ ਗਏ ਹਨ ਤਾਂਕਿ ਵਾਹਨਾਂ ਨੂੰ ਚੋਅ ਦੇ ਪਾਣੀ ਵਿਚ ਹੜ੍ਹਨ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ 11 ਅਗਸਤ 2023 ਨੂੰ ਹਿਮਾਚਲ ਪ੍ਰਦੇਸ਼ ਤੋਂ ਪੰਜਾਬ 11 ਮੈਂਬਰਾਂ ਨੂੰ ਲੱਦ ਕੇ ਲਿਆਂਉਂਦੀ ਇਨੋਵਾ ਗੱਡੀ ਦੇ ਜੈਜੋਂ ਚੋਅ ਵਿਚ ਹੜ੍ਹ ਜਾਣ ਕਾਰਨ 9 ਮੌਤਾਂ ਹੋ ਗਈਆਂ ਸਨ ਅਤੇ ਇਲਾਕਾ ਵਾਸੀਆਂ ਲਈ ਇਹ ਦਿਲ ਦਹਿਲਾਉਣ ਵਾਲੀ ਘਟਨਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਦਰਦਨਾਕ ਹਾਦਸਾ ਹੋਇਆ ਸੀ ਤਾਂ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਜਲਦੀ ਹੀ ਇਥੇ ਪੁਲ ਦੀ ਉਸਾਰੀ ਕਰਵਾਉਣ ਦੀ ਗੱਲ ਖ਼ਬਰਾਂ ਰਾਹੀਂ ਜਨਤਕ ਕੀਤੀ ਗਈ ਸੀ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਚੋਅ ਵਿਚ ਗੱਡੀ ਹੜ੍ਹ ਜਾਣ ਦੇ ਇਸ ਦਰਦਨਾਕ ਹਾਦਸੇ ਦੀਆਂ ਖ਼ਬਰਾਂ ਸੂਬਾ ਅਤੇ ਕੌਂਮਾਂਤਰੀ ਪੱਧਰ 'ਤੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ 'ਤੇ ਲੱਗੀਆਂ ਸਨ ਅਤੇ ਸਰਕਾਰ ਨੇ ਇਸ ਚੋਅ ਦੇ ਮਸਲੇ ਨੂੰ ਹੱਲ ਕਰਨ ਦੇ ਵੱਡੇ ਦਾਅਵੇ ਪੇਸ਼ ਕੀਤੇ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੇਸ਼ਕ ਸਰਕਾਰ ਦੇ ਨੁਮਾਇੰਦਿਆਂ ਅਤੇ ਅਫ਼ਸਰਾਂ ਵੱਲੋਂ 9 ਮੌਤਾਂ ਵਾਲੀ ਇਹ ਖ਼ਤਰਨਾਕ ਦੁਰਘਟਨਾ ਹੋਣ 'ਤੇ ਵਾਰ-ਵਾਰ ਚੋਅ ਦੇ ਸੁਰੱਖਿਆ ਇੰਤਜ਼ਾਮਾਂ ਵਿਚ ਵਿਸ਼ੇਸ਼ ਤੌਰ 'ਤੇ ਵਾਹਨਾਂ ਦੀ ਆਵਾਜਾਈ ਲਈ ਪੁਲ ਬਣਾਉਣ ਦੇ ਅਤੇ ਆਲੇ-ਦੁਆਲੇ ਪਿੱਲਰ ਲਗਾਉਣ ਦੇ ਬਿਆਨ ਦਿੱਤੇ ਗਏ ਸਨ ਪਰ ਸ਼ਾਇਦ ਇਹ ਬਿਆਨਬਾਜ਼ੀ ਸਿਰਫ਼ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਹੀ ਕੀਤੀ ਗਈ ਸੀ ਕਿਉਂਕਿ ਜੇਕਰ ਸਰਕਾਰ ਸਚਮੁੱਚ ਇਥੇ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਹੁਣ ਤੱਕ ਇਥੇ ਪੁਲ ਬਣ ਚੁੱਕਾ ਹੁੰਦਾ। ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਰਕਾਰ ਪੁਲ ਦੀ ਉਸਾਰੀ ਜਲਦੀ ਤੋਂ ਜਲਦੀ ਕਰਵਾ ਕੇ ਦੇਵੇ ਨਹੀਂ ਤਾਂ ਜਨਤਾ ਸਮਝ ਜਾਵੇਗੀ ਕਿ ਜੈਜੋਂ ਚੋਅ 'ਤੇ ਪੁਲ ਬਣਾਉਣ ਦਾ ਦਾਅਵਾ ਇਕ ਫੋਕਾ ਐਲਾਨ ਹੀ ਸੀ ਅਤੇ ਇਸ ਫੋਕੇ ਐਲਾਨ ਦਾ ਖਾਮਿਆਜ਼ਾ ਸਰਕਾਰ ਨੂੰ 2027 ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ ਚਿੱਠੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e