ਵਿਦਿਆਰਥਣਾਂ ਨੂੰ ਮਾਹਵਾਰੀ ਦਿਨਾਂ ’ਚ ਸਾਫ-ਸਫਾਈ ਰੱਖਣ ਬਾਰੇ ਕੀਤਾ ਜਾਗਰੂਕ
Wednesday, Feb 06, 2019 - 04:59 AM (IST)
ਹੁਸ਼ਿਆਰਪੁਰ (ਜਸਵੀਰ)-ਖਵਾਹਿਸ਼ ਸੇਵਾ ਸੋਸਾਇਟੀ ਟਕਾਰਲਾ ਵੱਲੋਂ ਰੋਟਰੀ ਕਲੱਬ ਗ੍ਰੈਂਡ ਪ੍ਰੈਰੀ ਕੈਨੇਡਾ ਅਤੇ ਪ੍ਰੋਕਟਰ ਐਂਡ ਗੈਂਬਲ ਵਿਸਪਰ ਸਕੂਲ ਪ੍ਰੋਗਰਾਮ ਦੇ ਸਹਿਯੋਗ ਨਾਲ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਮਾਹਵਾਰੀ ਅਤੇ ਮਾਹਵਾਰੀ ਦੇ ਦਿਨਾਂ ਵਿਚ ਸਾਫ-ਸਫਾਈ ਰੱਖਣ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਮੈਡਮ ਆਯੁਸ਼ੀ ਬੱਗਾ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਵਹਿਮਾਂ-ਭਰਮਾਂ ਜਿਵੇਂ ਕਿ ਮਾਹਵਾਰੀ ਦੌਰਾਨ ਅਚਾਰ ਨੂੰ ਨਾ ਛੂਹਣਾ, ਧਾਰਮਕ ਅਸਥਾਨ ’ਤੇ ਨਾ ਜਾਣਾ ਆਦਿ ਨੂੰ ਨਾ ਮੰਨ ਕੇ ਅਨੰਦ ਮਾਣਨ ਬਾਰੇ ਦੱਸਿਆ। ਮਾਹਵਾਰੀ ਦਾ ਆਉਣਾ ਸਰਾਪ ਨਹੀਂ। ਇਹ ਇਕ ਔਰਤ ਹੋਣ ’ਤੇ ਮਾਣ ਦੀ ਨਿਸ਼ਾਨੀ ਹੈ। ਸਾਨੂੰ ਪੈਡ ਹਰ 4-6 ਘੰਟੇ ਬਾਅਦ ਬਦਲਣਾ ਚਾਹੀਦਾ ਹੈ। ਮਾਹਵਾਰੀ ਦੌਰਾਨ ਸਾਫ-ਸਫਾਈ ਨਾ ਰੱਖਣ ਕਰ ਕੇ ਔਰਤਾਂ ਭਿਆਨਕ ਬੀਮਾਰੀਆਂ ਜਿਵੇਂ ਕਿ ਕੈਂਸਰ, ਬਾਂਝਪਣ, ਪਿਸ਼ਾਬ ਦੀ ਨਾਲੀ ਵਿਚ ਇਨਫੈਕਸ਼ਨ, ਗੁਰਦੇ ਫੇਲ ਹੋਣਾ ਆਦਿ ਦਾ ਸ਼ਿਕਾਰ ਹੋ ਸਕਦੀਆਂ ਹਨ। ਮੈਡਮ ਬੱਗਾ ਨੇ ਕਿਹਾ ਕਿ ਯੂਨੀਸੈੱਫ ਇੰਡੀਆ ਦੇ ਅੰਕਡ਼ਿਆਂ ਮੁਤਾਬਕ ਭਾਰਤ ਵਿਚ ਇਕ ਲਡ਼ਕੀ ਸਾਲ ’ਚ ਲਗਭਗ 50 ਦਿਨ ਸਕੂਲੋਂ ਗੈਰ-ਹਾਜ਼ਰ ਰਹਿੰਦੀ ਹੈ ਕਿਉਂਕਿ ਜਿਸ ਸਕੂਲ ਵਿਚ ਉਹ ਪਡ਼੍ਹਦੀ ਹੈ, ਉੱਥੇ ਸਹੂਲਤਾਂ ਦੀ ਘਾਟ ਹੈ। ਭਾਰਤ ਵਿਚ 30 ਫੀਸਦੀ ਲਡ਼ਕੀਆਂ ਨੂੰ ਮਾਂ-ਬਾਪ ਮਾਹਵਾਰੀ ਸ਼ੁਰੂ ਹੋਣ ਤੋਂ ਬਾਅਦ ਸਕੂਲੋਂ ਹਟਾ ਲੈਂਦੇ ਹਨ। ਜ਼ਰਾ ਸੋਚੋ ਕਿ ਜਿਹਡ਼ੀ ਲਡ਼ਕੀ ਸਾਲ ਵਿਚ 50 ਦਿਨ ਸਕੂਲੋਂ ਗੈਰ-ਹਾਜ਼ਰ ਰਹੇਗੀ, ਉਹ ਮੁੰਡਿਆਂ ਦੇ ਬਰਾਬਰ ਕਿਵੇਂ ਆ ਸਕੇਗੀ। ਉਨ੍ਹਾਂ ਦੱਸਿਆ ਕਿ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਚ ਲਡ਼ਕੀਆਂ ਨੂੰ ਦੋ ਰੁਪਏ ਵਿਚ ਸੈਨੇਟਰੀ ਨੈਪਕਿਨ ਉਪਲੱਬਧ ਹੋਵੇਗਾ, ਜਿਹਡ਼ਾ ਬਾਜ਼ਾਰ ਵਿਚ 5-7 ਰੁਪਏ ਵਿਚ ਮਿਲਦਾ ਹੈ। ਇਸ ਉੱਦਮ ਨਾਲ ਸਕੂਲ ‘ਮੈਂਸਚੁਅਰਲ ਫਰੈਂਡਲੀ’ ਬਣ ਗਿਆ। ਇਸ ਪ੍ਰਾਜੈਕਟ ’ਤੇ ਕੁਲ ਖਰਚਾ 35000 ਰੁਪਏ ਆਇਆ ਹੈ, ਜਿਸ ਵਿਚ ਮਿਨਹਾਸ ਪਰਿਵਾਰ ਕੈਨੇਡਾ ਵੱਲੋਂ 17500 ਰੁਪਏ ਅਤੇ ਰੋਟਰੀ ਕਲੱਬ ਗ੍ਰੈਂਡ ਪ੍ਰੈਰੀ ਵੱਲੋਂ 17500 ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਪ੍ਰਿੰ. ਸ਼ਿਵ ਕੁਮਾਰ, ਸੈਕਟਰੀ ਕੁਲਵੰਤ ਸਿੰਘ ਜੰਗੀ, ਗਿਆਨਦੀਪ ਸਿੰਘ ਕੈਨੇਡਾ, ਪਰਮਜੀਤ ਸਿੰਘ ਮਿਨਹਾਸ, ਸਰਬਜੀਤ ਸਿੰਘ ਮੰਜ, ਮੈਡਮ ਸਤਿੰਦਰਜੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ ਸਮੇਤ ਸਕੂਲ ਸਟਾਫ ਹਾਜ਼ਰ ਸੀ।
