ਸੀ. ਬੀ. ਆਈ. ਦਾ ਦੁਰਉਪਯੋਗ ਕਰ ਰਹੀ ਹੈ ਭਾਜਪਾ : ਡਾ. ਰਵਜੋਤ

Wednesday, Feb 06, 2019 - 04:58 AM (IST)

ਸੀ. ਬੀ. ਆਈ. ਦਾ ਦੁਰਉਪਯੋਗ ਕਰ ਰਹੀ ਹੈ ਭਾਜਪਾ : ਡਾ. ਰਵਜੋਤ
ਹੁਸ਼ਿਆਰਪੁਰ (ਘੁੰਮਣ)-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ. ਨੂੰ ਕੱਠਪੁਤਲੀ ਦੀ ਤਰ੍ਹਾਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵਰਤਿਆ ਜਾ ਰਿਹਾ ਹੈ ਜੋ ਕਿ ਭਾਰਤ ਜਿਹੇ ਲੋਕਤੰਤਰ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਵਜੋਤ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਸੀ.ਬੀ.ਆਈ. ਦਾ ਦੁਰਉਪਯੋਗ ਪੱਛਮੀ ਬੰਗਾਲ ਵਿਚ ਕੀਤਾ ਹੈ, ਉਹ ਮੰਦਭਾਗਾ ਹੈ ਤੇ ਇਸ ਵਰਤਾਰੇ ਲਈ ਦੇਸ਼ ਵਾਸੀ ਕਦੇ ਵੀ ਭਾਜਪਾ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਨੇ ਇਸ ਜਾਂਚ ਏਜੰਸੀ ਨੂੰ ਆਪਣੇ ਨਿੱਜੀ ਤੇ ਸਿਆਸੀ ਮੁਫਾਦਾਂ ਲਈ ਵਰਤਿਆ ਹੈ ਜਿਸ ਕਾਰਨ ਸੀ.ਬੀ.ਆਈ. ਦੀ ਭਰੋਸੇਯੋਗਤਾ ’ਤੇ ਵੀ ਸਵਾਲੀਆ ਨਿਸ਼ਾਨ ਖਡ਼੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੀ.ਬੀ.ਆਈ. ਦੇ ਅਧਿਕਾਰੀ ਇਸ ਪਾਸੇ ਧਿਆਨ ਦੇਣ ਤੇ ਜਾਂਚ ਏਜੰਸੀ ਦੀ ਆਮ ਲੋਕਾਂ ਵਿਚ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਲੋਡ਼ੀਂਦੇ ਕਦਮ ਉਠਾਉਣ। ਡਾ. ਰਵਜੋਤ ਨੇ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਸੀ.ਬੀ.ਆਈ. ਦਾ ਦੁਰਉਪਯੋਗ ਕਰਨਾ ਨਾ ਛੱਡਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਸਮੇਂ ਨਰਿੰਦਰ ਧੁੱਗਾ, ਹਰਭੇਲ ਸਿੰਘ, ਸੰਜੇ ਅੱਤਰੀ, ਹਰਪ੍ਰੀਤ ਧਾਮੀ, ਮਾਸਟਰ ਬਲਵੀਰ ਸਿੰਘ ਤੇ ਮੁਕੇਸ਼ ਡਡਵਾਲ ਵੀ ਮੌਜੂਦ ਸਨ।

Related News