ਰੋਟਰੀ ਕਲੱਬ 3070 ਦੇ ਜ਼ਿਲਾ ਗਵਰਨਰ ਨੇ ਕੀਤਾ ਵਿਜ਼ਿਟ
Wednesday, Jan 30, 2019 - 10:22 AM (IST)

ਹੁਸ਼ਿਆਰਪੁਰ (ਜ.ਬ.)-ਮਾਨਵਤਾ ਦੇ ਕਲਿਆਣ ਲਈ 1985 ਤੋਂ ਮੁਕੇਰੀਆਂ ਇਲਾਕੇ ਵਿਚ ਕੰਮ ਕਰ ਰਹੀ ਸਥਾਨਕ ਰੋਟਰੀ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਸਬੰਧੀ ਰੋਟਰੀ ਕਲੱਬ 3070 ਦੇ ਜ਼ਿਲਾ ਗਵਰਨਰ ਬਰਜੇਸ਼ ਸਿੰਘਲ ਨੇ ਵਿਜ਼ਿਟ ਕੀਤਾ। ਜਿੱਥੇ ਉਨ੍ਹਾਂ ਦਾ ਸਥਾਨਕ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੈਪਟਨ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਗੁਰੂਅਨਹਤ ਸਿੰਘ, ਸਕੱਤਰ ਰੋਟੇਰੀਅਨ ਮਨਜੀਤ ਸਿੰਘ, ਰੋਟੇਰੀਅਨ ਆਰ. ਐੱਨ. ਗੁਪਤਾ, ਰੋਟੇਰੀਅਨ ਐਡਵੋਕੇਟ ਪ੍ਰਭਦੀਪ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਕੰਮਾਂ ਨੂੰ ਦੇਖਦੇ ਹੋਏ ਰੋਟੇਰੀਅਨ ਨੂੰ ਮਾਨਵਤਾ ਦੇ ਕਲਿਆਣ ਲਈ ਰੋਟਰੀ ਇੰਟਰਨੈਸ਼ਨਲ ਵੱਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਜ਼ਿਲਾ ਗਵਰਨਰ ਬਰਜੇਸ਼ ਸਿੰਘਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਮਾਨਵਤਾ ਦਾ ਕਲਿਆਣ ਹੈ, ਜਿਸ ਸਬੰਧੀ ਰੋਟੇਰੀਅਨ ਕੰਮ ਕਰ ਰਹੇ ਹਨ। ਇਸਦੇ ਤਹਿਤ ਦੁਨੀਆ ਭਰ ਵਿਚ ਪੋਲੀਓ ਦੇ ਖ਼ਾਤਮੇ ਲਈ ਮਹੱਤਵਪੂਰਨ ਕੰਮ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਗਿਫ਼ਟ ਆਫ ਲਾਈਫ, ਵਾਸ਼ਿੰਗ ਸਕੂਲ, ਈ-ਲਰਨਿੰਗ, ਆਈ ਡੋਨੇਸ਼ਨ ਆਦਿ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗਿਫ਼ਟ ਆਫ ਲਾਈਫ ਦੇ ਤਹਿਤ 6 ਮਹੀਨਿਆਂ ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚਿਆਂ, ਜਿਨ੍ਹਾਂ ਦੇ ਦਿਲ ਵਿਚ ਛੇਦ ਹੋਵੇ, ਉਨ੍ਹਾਂ ਦਾ ਅਪ੍ਰੇਸ਼ਨ ਰੋਟਰੀ ਵੱਲੋਂ ਫ੍ਰੀ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਕਰੀਬ 900 ਅਪ੍ਰੇਸ਼ਨ ਕਰਵਾਏ ਜਾ ਚੁਕੇ ਹਨ ਅਤੇ ਬਾਕੀ 122 ਬੱਚਿਆਂ ਦੀ ਪਹਿਚਾਣ ਕਰ ਲਈ ਗਈ ਹੈ ਜਿਨ੍ਹਾਂ ਵਿਚੋਂ 40 ਦੇ ਅਪ੍ਰੇਸ਼ਨ ਹੋ ਗਏ ਹਨ। ਵਾਸ਼ਿੰਗ ਸਕੂਲ ਸਕੀਮ ਦੇ ਤਹਿਤ ਸਕੂਲਾਂ ਵਿਚ ਹੱਥ ਧੋਣ ਲਈ 100 ਤੋਂ ਜ਼ਿਆਦਾ ਵਾਸ਼ ਵੇਸਿਨ ਦਿਤੇ ਗਏ ਹਨ। ਈ-ਲਰਨਿੰਗ ਸਕੀਮ ਦੇ ਤਹਿਤ ਸਕੂਲਾਂ ਵਿਚ ਸਮਾਰਟ ਕਲਾਸ ਲਗਾ ਕੇ ਪ੍ਰੋਜੈਕਟਰ ਲਾਏ ਗਏ ਹਨ, ਇਸ ਦੇ ਤਹਿਤ 64 ਯੂਨਿਟ ਲਾਏ ਜਾ ਚੁਕੇ ਹਨ ਅਤੇ 40 ਯੂਨਿਟ ਲਗਣੇ ਬਾਕੀ ਹਨ। ਮੌਕੇ ’ਤੇ ਉਨ੍ਹਾਂ ਨੇ ਆਈ ਡੋਨੇਸ਼ਨ ਸਕੀਮ ਸਬੰਧੀ ਵੀ ਜਾਗਰੂਕ ਕੀਤਾ ਅਤੇ ਕਿਹਾ ਕਿ ਹਰ ਸਾਲ ਆਦਮਪੁਰ ਵਿਖੇ ਰੋਟਰੀ ਵੱਲੋਂ ਕੈਂਪ ਲਾਇਆ ਜਾਂਦਾ ਹੈ ਜਿਥੇ ਜ਼ਰੂਰਤਮੰਦਾਂ ਨੂੰ ਬਨਾਵਟੀ ਅੰਗ ਲਵਾ ਕੇ ਦਿਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਅਫ਼ਰੀਕਾ ਦੇ ਮਲਾਵੀ ਵਿਖੇ ਮਈ ਮਹੀਨੇ ਲੱਗ ਰਹੇ ਮੈਡੀਕਲ ਕੈਂਪ ਵਿਚ ਜ਼ਿਲੇ ਤੋਂ 18 ਡਾਕਟਰ ਜਾਣਗੇ। ਇਸ ਮੌਕੇ ਮੁਕੇਰੀਆਂ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੈਪਟਨ ਅਮਰਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਰੋਟੇਰੀਅਨ ਗੁਰੂਅਨਹਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਟਰੀ ਕਲੱਬ ਮੁਕੇਰੀਆਂ ਵੱਲੋਂ ਇਲਾਕੇ ਵਿਚ ਬੇਹਤਰੀਨ ਕੰਮ ਕੀਤੇ ਜਾ ਚੁਕੇ ਹਨ। ਜਿਸ ਵਿਚ ਸਕੂਲ ਦੀਆਂ ਇਮਾਰਤਾਂ ਦਾ ਨਿਰਮਾਣ, ਹਸਪਤਾਲ ਵਿਖੇ ਡੈਂਟਲ ਅਤੇ ਐਕਸਰੇ ਸਬੰਧੀ ਮਸ਼ੀਨਰੀ ਲਵਾਈ ਗਈ। ਦੂਰ ਦਰਾਜ ਦੇ ਪਿੰਡਾਂ ’ਚੋਂ ਸਕੂਲ ਜਾਣ ਵਾਸਤੇ ਬੱਚਿਆਂ ਲਈ ਇਕ ਵਿੰਗਰ ਗੱਡੀ ਅਤੇ ਸਕੂਲ ਦੀ ਲਾਇਬ੍ਰੇਰੀ ਦੀਆ ਕਿਤਾਬਾਂ ਲੱਖਾਂ ਰੁਪਿਆ ਖਰਚ ਕਰਕੇ ਦਿਤੀਆਂ ਗਈਆਂ।