ਹੁਸ਼ਿਆਰਪੁਰ ਸਿਵਲ ਹਸਪਤਾਲ ਨੂੰ 2 ਵੈਂਟੀਲੇਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਟ

Thursday, May 21, 2020 - 04:08 PM (IST)

ਹੁਸ਼ਿਆਰਪੁਰ ਸਿਵਲ ਹਸਪਤਾਲ ਨੂੰ 2 ਵੈਂਟੀਲੇਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਟ

ਹੁਸ਼ਿਆਰਪੁਰ (ਘੁੰਮਣ)— ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ 'ਚ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਲਗਭਗ 12 ਲੱਖ ਰੁਪਏ ਦੀ ਕੀਮਤ ਦੇ 2 ਵੈਂਟੀਲੇਟਰ ਹੁਸ਼ਿਆਰਪੁਰ ਸਿਵਲ ਹਸਪਤਾਲ ਨੂੰ ਬੀਤੇ ਦਿਨ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਉਬਰਾਏ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਭੇਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਿਵਲ ਸਰਜਨ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐੱਸ. ਐੱਮ. ਓ. ਡਾ. ਜਸਵਿੰਦਰ ਸਿੰਘ ਤੇ ਡਾ. ਨਮਿਤਾ ਘਈ ਅਤੇ ਟਰੱਸਟ ਦੇ ਜ਼ਿਲਾ ਪ੍ਰਧਾਨ ਆਗਿਆ ਪਾਲ ਸਿੰਘ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਡਾ. ਉਬਰਾਏ ਅਤੇ ਉਨ੍ਹਾਂ ਦੇ ਟਰੱਸਟ ਦਾ ਧੰਨਵਾਦ ਕਰਦੇ ਕਿਹਾ ਕਿ ਸਿਵਲ ਹਸਪਤਾਲ 'ਚ ਇਨ੍ਹਾਂ ਵੈਂਟੀਲੇਟਰ ਮਸ਼ੀਨਾਂ ਦੇ ਲੱਗਣ ਨਾਲ ਐਮਰਜੈਂਸੀ ਵਾਲੀ ਸਥਿਤੀ ਮੌਕੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਕੋਰੋਨਾ ਮਹਾਮਾਰੀ ਦੌਰਾਨ ਕਾਫੀ ਸਹਾਈ ਸਿੱਧ ਹੋਣਗੀਆਂ। ਇਸ ਮੌਕੇ ਉਨ੍ਹਾਂ ਕੋਰੋਨਾ ਮਹਾਮਾਰੀ ਦੌਰਾਨ ਧਾਰਮਕ, ਸਮਾਜਕ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾਵਾਂ ਸਮਾਜ ਭਲਾਈ ਦੇ ਕੰਮਾਂ ਦੀ ਅਹਿਮ ਕੜੀ ਹਨ।

ਇਸ ਮੌਕੇ ਡਾ. ਐੱਸ. ਪੀ. ਸਿੰਘ ਉਬਰਾਏ ਸਰਪ੍ਰਸਤ ਸਰਬੱਤ ਦਾ ਭਲਾ ਟਰੱਸਟ ਨੇ ਮੀਡੀਆ ਨਾਲ ਰੂ-ਬ-ਰੂ ਹੁੰਦੇ ਹੋਏ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਜਿਥੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ, ਉਥੇ ਸਵੈ-ਸੇਵੀ ਸੰਸਥਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਮੁਸ਼ਕਲ ਦੀ ਘੜੀ 'ਚ ਆਪਣਾ ਫਰਜ਼ ਨਿਭਾਉਣ ਅਤੇ ਲੋਕਾਂ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਮਹਾਮਾਰੀ ਦੌਰਾਨ ਪਹਿਲਾਂ ਵੀ ਮਾਰਚ ਮਹੀਨੇ ਵਿਚ 20 ਹਜ਼ਾਰ ਪੀ. ਪੀ. ਈ. ਕਿੱਟਾਂ, 20 ਹਜ਼ਾਰ ਐੱਨ-95 ਮਾਸਕ, ਸੈਨੀਟਾਈਜ਼ਰ ਅਤੇ 8 ਤੋਂ 10 ਲੱਖ ਤਿੰਨ ਪਰਤੀ ਮਾਸਕ ਦੇ ਆਰਡਰ ਦੇ ਕੇ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲਾਂ ਨੂੰ ਮੁਹੱਈਆ ਕਰਵਾਏ ਗਏ ਹਨ।


author

shivani attri

Content Editor

Related News