ਉੱਚ ਮਿਆਰੀ ਫ਼ਲਾਂ ਦੀ ਪੈਦਾਵਾਰ ਲਈ 4 ਜ਼ਿਲ੍ਹਿਆਂ ’ਚ ਸਥਾਪਿਤ ਹੋਣਗੀਆਂ ਬਾਗਬਾਨੀ ਅਸਟੇਟਾਂ : ਫੌਜਾ ਸਿੰਘ ਸਰਾਰੀ

Tuesday, Oct 11, 2022 - 02:19 AM (IST)

ਉੱਚ ਮਿਆਰੀ ਫ਼ਲਾਂ ਦੀ ਪੈਦਾਵਾਰ ਲਈ 4 ਜ਼ਿਲ੍ਹਿਆਂ ’ਚ ਸਥਾਪਿਤ ਹੋਣਗੀਆਂ ਬਾਗਬਾਨੀ ਅਸਟੇਟਾਂ : ਫੌਜਾ ਸਿੰਘ ਸਰਾਰੀ

ਚੰਡੀਗੜ੍ਹ (ਬਿਊਰੋ) :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਰਾਹੀਂ ਇਸ ਸਾਲ ਪੰਜਾਬ ਦੇ 4 ਜ਼ਿਲ੍ਹਿਆਂ ਫਿਰੋਜ਼ਪੁਰ, ਗੁਰਦਾਸਪੁਰ, ਫਰੀਦਕੋਟ ਅਤੇ ਲੁਧਿਆਣਾ ’ਚ ਬਾਗਬਾਨੀ ਅਸਟੇਟਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਉਥੋਂ ਦੇ ਬਾਗਬਾਨਾਂ ਨੂੰ ਨਵੀਨਤਮ ਤਕਨੀਕ ਦੀ ਜਾਣਕਾਰੀ ਅਤੇ ਮਸ਼ੀਨਰੀ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦੀ ਫਸਲ ਪੈਦਾਵਾਰ ਦੇ ਖਰਚੇ ਘਟਣ ਦੇ ਨਾਲ-ਨਾਲ ਉੱਚ ਮਿਆਰੀ ਫਲਾਂ ਦੀ ਪੈਦਾਵਾਰ ਕਰਨ ’ਚ ਮਦਦ ਮਿਲੇਗੀ। ਇਹ ਜਾਣਕਾਰੀ ਅੱਜ ਇੱਥੇ ਫੌਜਾ ਸਿੰਘ ਸਰਾਰੀ, ਬਾਗਬਾਨੀ, ਫੂਡ ਪ੍ਰੋਸੈਸਿੰਗ, ਸੈਨਿਕ ਸੇਵਾਵਾਂ ਅਤੇ ਸੁਤੰਤਰਤਾ ਸੈਨਾਨੀ ਮੰਤਰੀ, ਪੰਜਾਬ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਦੌਰਾਨ ਸਾਂਝੀ ਕੀਤੀ ਗਈ। ਮੀਟਿੰਗ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਅਧਿਕਾਰੀਆਂ ਨੂੰ ਮੌਜੂਦਾ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਕੱਢ ਕੇ ਵੱਧ ਤੋਂ ਵੱਧ ਰਕਬਾ ਬਾਗਬਾਨੀ ਫਸਲਾਂ ਹੇਠ ਲਿਆਉਣ ਦੀ ਹਦਾਇਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ

ਉਨ੍ਹਾਂ ਵੱਲੋਂ ਬਾਗਬਾਨੀ ਅਧਿਕਾਰੀਆਂ ਨੂੰ ਪੰਜਾਬ ’ਚ ਦਿਨੋ-ਦਿਨ ਹੇਠਾਂ ਜਾ ਰਹੇ ਜ਼ਮੀਨੀ ਪਾਣੀ ਦੀ ਬੱਚਤ ਕਰਨ ਬਾਰੇ ਵੀ ਕਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਉਗਾਈਆਂ ਜਾ ਰਹੀਆਂ ਕਣਕ ਅਤੇ ਝੋਨੇ ਦੀ ਫਸਲ ਪੈਦਾ ਕਰਨ ਲਈ ਕ੍ਰਮਵਾਰ 40.00 ਲੱਖ ਅਤੇ 64.00 ਲੱਖ ਲੀਟਰ ਪ੍ਰਤੀ ਏਕੜ ਪਾਣੀ ਦੀ ਖਪਤ ਹੁੰਦੀ ਹੈ, ਜਦਕਿ ਬਾਗਬਾਨੀ ਫਸਲਾਂ ਦੀ ਪੈਦਾਵਾਰ ਲਈ ਸਿਰਫ 17.00 ਲੱਖ ਲੀਟਰ ਪ੍ਰਤੀ ਏਕੜ ਪਾਣੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ 86 ਲੱਖ ਲੀਟਰ ਪਾਣੀ ਦੀ ਪ੍ਰਤੀ ਏਕੜ ਬੱਚਤ ਹੁੰਦੀ ਹੈ। ਬਾਗਬਾਨੀ ਅਧਿਕਾਰੀਆਂ ਨੂੰ ਇਸ ਤਰਾਂ ਹੋਣ ਵਾਲੀ ਪਾਣੀ ਦੀ ਬੱਚਤ ਸਬੰਧੀ ਬਾਗਬਾਨੀ ਫਸਲਾਂ ਹੇਠ ਰਕਬਾ ਲਿਆਉਣ ਵਾਲੇ ਜਿਮੀਦਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਇੱਕ ਤਜਵੀਜ ਬਣਾ ਕੇ  ਭੇਜਣ ਬਾਰੇ ਹਦਾਇਤ ਕੀਤੀ ਗਈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ 57 ਬਲਾਕਾਂ ’ਚ ਹੋਣ ਵਾਲੇ ਪਾਣੀ ਰੀਚਾਰਜ ਦੀ ਤੁਲਨਾ ’ਚ 200 ਪ੍ਰਤੀਸ਼ਤ ਤੱਕ ਪਾਣੀ ਧਰਤੀ ਵਿੱਚੋਂ ਕੱਢ ਕੇ ਫਸਲ ਪੈਦਾਵਾਰ ਲਈ ਵਰਤਿਆ ਜਾ ਰਿਹਾ ਹੈ, ਜੋ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਨ ਦੀ ਸਖਤ ਲੋੜ ਹੈ।

ਬਾਗਬਾਨੀ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਗਲੇ 5 ਸਾਲਾਂ ਦੌਰਾਨ 1.5 ਲੱਖ ਹੈਕਟੇਅਰ ਬਾਗਬਾਨੀ ਫਸਲਾਂ ਹੇਠ ਰਕਬਾ ਲਿਆਉਣ ਨਾਲ 39772 ਕਰੋੜ ਰੁਪਏ ਪੰਜਾਬ ਦੀ ਜੀ.ਡੀ.ਪੀ. ਵਿੱਚ ਵਾਧਾ ਹੋਵੇਗਾ। ਵਿਭਾਗ ਵਿੱਚ ਚਲਾਈ ਜਾ ਰਹੀ ਸਕੀਮ ਐਗਰੀਕਲਚਰ ਇਨਫ੍ਰਸਟਰੱਕਚਰ ਫੰਡ ਤਹਿਤ ਪੰਜਾਬ ’ਚ 1600 ਕਰੋੜ ਦੇ ਨਵੇਂ ਪ੍ਰੋਜੈਕਟ ਲੱਗਣ ਨਾਲ 365 ਕਰੋੜ ਰੁਪਏ ਇਸ ਸਕੀਮ ਤਹਿਤ ਮਨਜ਼ੂਰ ਹੋਏ ਹਨ। ਬਾਗਬਾਨੀ ਮੰਤਰੀ ਸਰਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਆਲੂ ਬੀਜ ਦੇਸ਼ ’ਚ ਸਭ ਤੋਂ ਵੱਧ ਪੈਦਾ ਹੁੰਦਾ ਹੈ ਅਤੇ ਭਵਿੱਖ ਵਿੱਚ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਬਜਟ ਵਿੱਚ ਪਾਸ ਕੀਤੇ 10 ਕਰੋੜ ਰੁਪਏ ਨਾਲ ਜਲੰਧਰ ’ਚ ਸਥਾਪਿਤ ਹੋਣ ਵਾਲੇ ਐਰੋਪਾਨਿਕ ਯੂਨਿਟ ਅਤੇ ਟਿਸ਼ੂ ਕਲਚਰ ਲੈਬ ਨੂੰ ਜਲਦ ਤੋਂ ਜਲਦ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।  


author

Manoj

Content Editor

Related News