ਕਲਾਨੌਰ ਇਲਾਕੇ ''ਚ ਜੰਗਲੀ ਜਾਨਵਰ ਦੀ ਦਹਿਸ਼ਤ, ਖਾਧੇ ਕਈ ਪਸ਼ੂ

04/25/2020 8:56:13 PM

ਕਲਾਨੌਰ (ਮਨਮੋਹਨ) : ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨੜਾਂਵਾਲੀ ਵਿਖੇ ਅਚਾਨਕ ਕਿਸੇ ਜੰਗਲੀ ਜਾਨਵਰ ਨੇ ਕਿਸਾਨ ਦੇ ਡੇਰੇ 'ਤੇ ਹਮਲਾ ਕਰ ਕੇ 6 ਪਸ਼ੂਆਂ ਨੂੰ ਮਾਰ ਦਿੱਤਾ ਹੈ, ਜਿਸ ਕਾਰਣ ਪਿੰਡਾਂ ਅਤੇ ਆਸ-ਪਾਸ ਦੇ ਇਲਾਕੇ 'ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਇਸ ਸਬੰਧੀ ਪਤਾ ਲੱਗਣ 'ਤੇ ਐੱਸ. ਐੱਸ. ਪੀ . ਗੁਰਦਾਸਪੁਰ ਸਵਰਨਦੀਪ ਸਿੰਘ, ਐੱਸ. ਐੱਚ. ਓ. ਕਲਾਨੌਰ ਅਮਨਦੀਪ ਸਿੰਘ, ਬੀ. ਡੀ. ਪੀ. ਓ. ਕਲਾਨੌਰ ਗੁਰਜੀਤ ਸਿੰਘ ਚੌਹਾਨ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਦੀਪਕ ਕੁਮਾਰ ਨੇ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਅਰੰਭ ਕਰ ਦਿੱਤੀ ਹੈ।

ਇਸ ਸਬੰਧੀ ਕਿਸਾਨ ਸੁਰਿੰਦਰ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਨੜਾਂਵਾਲੀ ਨੇ ਦੱਸਿਆ ਕਿ ਕਿਸੇ ਜਾਨਵਰ ਨੇ ਕੰਧ ਟੱਪ ਕੇ ਉਨ੍ਹਾਂ ਦੇ ਡੇਰੇ 'ਚ 3 ਵੱਛੀਆ, ਵੱਛਾ, ਬੱਕਰੀ ਅਤੇ ਬੱਕਰੇ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਖਾ ਲਿਆ ਅਤੇ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪਹੁੰਚੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਬੀ. ਡੀ. ਪੀ. ਓ. ਦਾ
ਇਸ ਸਬੰਧੀ ਬੀ. ਡੀ. ਪੀ. ਓ. ਗੁਰਦੀਪ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਪਿੰਡ ਨੜਾਂਵਾਲੀ ਅਤੇ ਉਸ ਦੇ ਨਜ਼ਦੀਕ ਪੈਂਦੀਆਂ ਪੰਚਾਇਤਾਂ 'ਚ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਲੈਟਰ ਜਾਰੀ ਕਰ ਕੇ ਜੰਗਲੀ ਜਾਨਵਰ ਤੋਂ ਅਲਰਟ ਰਹਿਣ ਲਈ ਅਨਾਉਂਸਮੈਂਟਾਂ ਵੀ ਕਰਵਾ ਦਿੱਤੀਆਂ ਤਾਂਕਿ ਕਿਸੇ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋ ਸਕੇ।

ਜਾਨਵਰ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਕੀਤੀ ਜਾ ਰਹੀ ਹੈ ਜਾਂਚ : ਰੇਂਜ ਅਫਸਰ
ਜੰਗਲਾਤ ਵਿਭਾਗ ਦੇ ਰੇਂਜ ਅਫਸਰ ਦੀਪਕ ਕਪੂਰ ਨੇ ਦੱਸਿਆ ਕਿ ਬੀਤੀ ਸ਼ਾਮ ਸਾਨੂੰ ਪਤਾ ਲੱਗਣ 'ਤੇ ਸਾਡੀ ਟੀਮ ਨੇ ਪਿੰਡ ਨੜਾਂਵਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਪਹਿਲੀ ਨਜ਼ਰ ਤੋਂ ਇਹ ਕਿਸੇ ਚੀਤੇ ਜਾਂ ਹੋਰ ਜੰਗਲੀ ਜਾਨਵਰ ਦੀ ਹਰਕਤ ਨਹੀਂ ਜਾਪਦੀ। ਇਸ ਦੇ ਬਾਵਜੂਦ ਫਿਰ ਵੀ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਸਾਰੀ ਅਸਲੀਅਤ ਸਾਹਮਣੇ ਆ ਸਕੇ।


Anuradha

Content Editor

Related News