ਚੰਡੀਗੜ੍ਹ ਪ੍ਰਸ਼ਾਸਨ ਨੇ ਹੁੱਕਾ ਵਰਤਣ ’ਤੇ ਪਾਬੰਦੀ ਅੱਗੇ ਵਧਾਈ

Tuesday, Feb 14, 2023 - 02:42 PM (IST)

ਚੰਡੀਗੜ੍ਹ ਪ੍ਰਸ਼ਾਸਨ ਨੇ ਹੁੱਕਾ ਵਰਤਣ ’ਤੇ ਪਾਬੰਦੀ ਅੱਗੇ ਵਧਾਈ

ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਹੁੱਕੇ ਦੀ ਵਰਤੋਂ ’ਤੇ ਲੱਗੀ ਪਾਬੰਦੀ ਨੂੰ ਯੂ. ਟੀ. ਪ੍ਰਸ਼ਾਸਨ ਨੇ ਸੋਮਵਾਰ ਨੂੰ 2 ਮਹੀਨਿਆਂ ਲਈ ਹੋਰ ਵਧਾ ਦਿੱਤਾ। ਇਸ ਅਨੁਸਾਰ ਸ਼ਹਿਰ ਦੇ ਕਿਸੇ ਵੀ ਵਾਰ, ਕਲੱਬ, ਡਿਸਕੋਥੇਕ, ਰੈਸਟੋਰੈਂਟ ਆਦਿ 'ਚ ਕਿਸੇ ਤਰ੍ਹਾਂ ਦਾ ਹੁੱਕਾ ਨਹੀਂ ਵਰਤਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਬੰਧਿ ਕਲੱਬ, ਬਾਰ ਆਦਿ ’ਤੇ ਤਾਲਾ ਲਗਾਉਣ ਦੇ ਨਾਲ ਮਾਲਕ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਸ਼ਹਿਰ 'ਚ ਗੁਪਤ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ।

ਫਲੇਵਰਡ ਹੁੱਕੇ ਦੇ ਨਾਂ ’ਤੇ ਨਿਕੋਟਿਨ ਵਾਲਾ ਹੁੱਕਾ ਵੀ ਵਰਤਿਆ ਜਾ ਰਿਹਾ ਹੈ। ਤੰਬਾਕੂ ਤੋਂ ਇਲਾਵਾ ਹੋਰ ਤਰ੍ਹਾਂ ਦੇ ਕੈਮੀਕਲ ਵਾਲਾ ਹੁੱਕਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੈ। ਇਸ ਤੋਂ ਇਲਾਵਾ ਹੁੱਕੇ ਦਾ ਇਸਤੇਮਾਲ ਕਰਨ ਵਾਲਿਆਂ 'ਚ ਕੋਰੋਨਾ ਇੰਫੈਕਸ਼ਨ ਦਾ ਸ਼ੱਕ ਜ਼ਿਆਦਾ ਹੈ। ਹੁੱਕਾ ਪੀਣ ਵਾਲੇ ਫੇਫੜੇ ਸਬੰਧੀ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹਨ, ਜੋ ਕੋਰੋਨਾ ਇੰਫੈਕਸ਼ਨ ਦੀ ਸਥਿਤੀ 'ਚ ਜ਼ਿਆਦਾ ਗੰਭੀਰ ਸਾਬਿਤ ਹੋ ਸਕਦਾ ਹੈ।

ਇੰਨਾ ਹੀ ਨਹੀਂ, ਹੁੱਕੇ ਨਾਲ ਜੁੜੇ ਪਾਈਪ ਨੂੰ ਇੱਕ-ਦੂਜੇ ਨਾਲ ਸਾਂਝਾ ਕੀਤਾ ਜਾਂਦਾ ਹੈ, ਜੋ ਕੋਰੋਨਾ ਇੰਫੈਕਸ਼ਨ ਦਾ ਕਾਰਣ ਹੋ ਸਕਦਾ ਹੈ, ਇਸ ਲਈ ਇਸ ’ਤੇ ਪਾਬੰਦੀ ਲਗਾਈ ਗਈ ਹੈ। ਨਵਾਂ ਹੁਕਮ 15 ਅਪ੍ਰੈਲ, 2023 ਤੱਕ ਲਾਗੂ ਰਹੇਗਾ। ਇਸ ਦੌਰਾਨ ਜੇਕਰ ਕਿਸੇ ਵੀ ਕਲੱਬ, ਬਾਰ, ਡਿਸਕੋਥੇਕ, ਰੈਸਟੋਰੈਂਟ ਨੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਸ ਦੇ ਮਾਲਕ ਖ਼ਿਲਾਫ਼ ਆਈ. ਪੀ. ਸੀ.-188 ਤਹਿਤ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News