ਹਨੀਪ੍ਰੀਤ ਦੀ ਬਠਿੰਡਾ ਪਨਾਹਗਾਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਪੁਲਸ ''ਚ ਰੜਕ ਵਧੀ
Thursday, Oct 05, 2017 - 02:41 AM (IST)
ਬਠਿੰਡਾ(ਬਲਵਿੰਦਰ)-ਜਬਰ-ਜ਼ਨਾਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਪਨਾਹ ਦੇਣ ਵਾਲਿਆਂ ਦੇ ਰੂਪੋਸ਼ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਜਦਕਿ ਹਨੀਪ੍ਰੀਤ ਦੀ ਬਠਿੰਡਾ ਪਨਾਹਗਾਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਪੁਲਸ ਵਿਚਕਾਰ ਰੜਕ ਹੋਰ ਵਧ ਗਈ ਹੈ। ਡੇਰਾ ਮੁਖੀ ਦੀ ਕੁੜਮਾਚਾਰੀ ਸਦਕਾ ਬਠਿੰਡਾ ਮੁੜ ਸੁਰਖੀਆਂ ਵਿਚ ਚੱਲ ਰਿਹਾ ਹੈ ਕਿਉਂਕਿ ਡੇਰਾ ਮੁਖੀ ਦੀ ਲੜਕੀ ਅਤੇ ਲੜਕਾ ਦੋਵਾਂ ਦੇ ਸਹੁਰੇ ਬਠਿੰਡਾ ਵਿਚ ਹੀ ਹਨ। ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਹਨੀਪ੍ਰੀਤ ਡੇਰਾ ਮੁਖੀ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਹੀ ਬਠਿੰਡਾ ਵਿਖੇ ਰਹਿੰਦੀ ਰਹੀ ਹੈ।
ਬਠਿੰਡਾ 'ਚ ਰਹੀ ਹਨੀਪ੍ਰੀਤ :
ਹਰਿਆਣਾ ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਵਿਰੁੱਧ ਪੰਚਕੂਲਾ ਪੁਲਸ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਤਾਂ ਉਹ ਲਗਾਤਾਰ ਟਿਕਾਣੇ ਬਦਲਦੀ ਰਹੀ ਤੇ ਲੁਕਦੀ ਰਹੀ, ਜਿਸ ਦੀ ਬਕਾਇਦਾ ਪੰਜਾਬ ਪੁਲਸ ਮਦਦ ਕਰਦੀ ਰਹੀ ਹੈ। ਪੰਚਕੂਲਾ ਦੇ ਕਮਿਸ਼ਨਰ ਏ.ਐੱਸ. ਚਾਵਲਾ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਹੀ ਫੜਿਆ ਗਿਆ ਹੈ, ਜੋ ਕਿ ਪਟਿਆਲਾ ਵੱਲ ਜਾ ਰਹੀ ਸੀ। ਜਦਕਿ ਉਹ ਕਈ ਦਿਨਾ ਤੱਕ ਬਠਿੰਡਾ ਵਿਚ ਹੀ ਛੁਪੀ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਹਨੀਪ੍ਰੀਤ ਨਾਲ ਇਕ ਹੋਰ ਔਰਤ ਸੁਖਦੀਪ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਬਠਿੰਡਾ ਦੀ ਹੈ। ਸੁਖਦੀਪ ਕੌਰ ਦਾ ਸਹੁਰਾ ਘਰ ਪਿੰਡ ਬੱਲੂਆਣਾ ਵਿਖੇ ਹੈ, ਜਦਕਿ ਉਸ ਦਾ ਇਕ ਮਕਾਨ ਨਵੀਂ ਬਸਤੀ, ਬਠਿੰਡਾ ਵਿਖੇ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਇਨ੍ਹਾਂ ਦੋਵੇਂ ਟਿਕਾਣਿਆਂ 'ਤੇ ਰਹਿੰਦੀ ਰਹੀ ਹੈ।
ਕੌਣ ਹੈ ਹਨੀਪ੍ਰੀਤ ਦੀ ਹਮਸਾਇਆ ਸੁਖਦੀਪ ਕੌਰ :
ਸੁਖਦੀਪ ਕੌਰ ਪਤਨੀ ਇਕਬਾਲ ਸਿੰਘ, ਜਿਸ ਦਾ ਦਾਦਾ ਸਹੁਰਾ ਸੌਦਾਗਰ ਸਿੰਘ ਡੇਰਾ ਸਿਰਸਾ ਦਾ ਪੁਰਾਣਾ ਸ਼ਰਧਾਲੂ ਸੀ। ਹੁਣ ਇਕਬਾਲ ਸਿੰਘ ਤੇ ਸੁਖਦੀਪ ਕੌਰ ਵੀ ਡੇਰੇ ਦੇ ਪੱਕੇ ਸ਼ਰਧਾਲੂ ਹਨ। ਇਸ ਪਰਿਵਾਰ ਕੋਲ ਕਰੀਬ 25 ਏਕੜ ਜ਼ਮੀਨ ਹੈ। ਜੋ ਡੇਰਾ ਮੁਖੀ ਦੇ ਨੇੜਲੇ ਵਿਸ਼ਵਾਸਪਾਤਰਾਂ 'ਚੋਂ ਹੈ। ਇਕਬਾਲ ਸਿੰਘ ਖੁਦ ਡੇਰਾ ਮੁਖੀ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ। ਪਰਿਵਾਰ ਦਾ ਅਜਿਹਾ ਕੋਈ ਮਾੜਾ ਰਿਕਾਰਡ ਨਹੀਂ, ਜਿਸ 'ਤੇ ਉਂਗਲ ਚੁੱਕੀ ਜਾ ਸਕੇ ਪਰ ਇਹ ਪਰਿਵਾਰ ਕਰੀਬ 10 ਸਾਲਾਂ ਤੋਂ ਡੇਰੇ ਵਿਚ ਹੀ ਵਸ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਸੁਖਦੀਪ ਕੌਰ ਹਨੀਪ੍ਰੀਤ ਦੀ ਖਾਸਮਖਾਸ ਸਹੇਲੀ ਹੈ, ਜੋ ਉਸ ਦੀ ਸਹਿਪਾਠੀ ਵੀ ਰਹਿ ਚੁਕੀ ਹੈ। ਬੀਤੀ 25 ਅਗਸਤ ਤੋਂ ਬਾਅਦ ਉਹ ਹਨੀਪ੍ਰੀਤ ਦੀ ਹਮਸਾਇਆ ਬਣੀ ਹੋਈ ਸੀ, ਜਿਸ ਨੂੰ ਹਨੀਪ੍ਰੀਤ ਦੇ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਹ ਸੁਖਦੀਪ ਕੌਰ ਦੇ ਸਹੁਰੇ ਪਿੰਡ ਬੱਲੂਆਣਾ ਵਿਖੇ ਰਹਿੰਦੀ ਰਹੀ ਹੈ, ਜਿਥੇ ਉਨ੍ਹਾਂ ਦੀ ਕਾਫੀ ਵੱਡੀ ਕੋਠੀ ਹੈ, ਜਿਥੇ ਉਹ ਸਿਰਫ ਬਾਕੀ ਪਰਿਵਾਰ ਦੀ ਖੁਸ਼ੀ-ਗਮੀ ਮੌਕੇ ਹੀ ਗੇੜਾ ਮਾਰਦੇ ਹਨ।
ਕੀ ਕਹਿੰਦੇ ਹਨ ਬੱਲੂਆਣਾ ਦੇ ਲੋਕ :
ਸਾਬਕਾ ਪੰਚ ਨੰਦ ਸਿੰਘ, ਹਰਪ੍ਰੀਤ ਸਿੰਘ ਆਦਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਕਬਾਲ ਸਿੰਘ ਦਾ ਪਰਿਵਾਰ ਕਰੀਬ 10 ਸਾਲਾਂ ਤੋਂ ਡੇਰੇ 'ਚ ਰਹਿੰਦਾ ਸੀ। ਉਸ ਦਾ ਪਿੰਡ ਵਿਚ ਚੰਗਾ ਰਸੂਖ ਹੈ ਤੇ ਕਿਸੇ ਨਾਲ ਵੀ ਵੱਟ-ਵਿਰੋਧ ਨਹੀਂ ਹੈ। ਅਜਿਹਾ ਬਿਲਕੁੱਲ ਨਹੀਂ ਲੱਗਦਾ ਕਿ ਹਨੀਪ੍ਰੀਤ ਕੁਝ ਸਮੇਂ ਦੌਰਾਨ ਇਕਬਾਲ ਸਿੰਘ ਦੇ ਘਰ ਆਈ ਹੋਵੇ।
ਸੁਖਦੀਪ ਕੌਰ ਦੀ ਚਾਚੀ ਸੱਸ ਗੁਰਜੀਤ ਕੌਰ ਪਤਨੀ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਕਬਾਲ ਸਿੰਘ ਜਾਂ ਸੁਖਦੀਪ ਕੌਰ ਪਿੰਡ ਨਹੀਂ ਆਏ। ਹਨੀਪ੍ਰੀਤ ਦਾ ਇਥੇ ਠਹਿਰਣਾ ਬਿਲਕੁਲ ਝੂਠ ਹੈ।
ਸੁਖਦੀਪ ਕੌਰ ਦੇ ਘਰ ਦੀ ਤਲਾਸ਼ੀ ਲਈ ਗਈ : ਐੱਸ.ਐੱਸ.ਪੀ.
ਨਵੀਨ ਸਿੰਗਲਾ ਐੱਸ.ਐੱਸ.ਪੀ. ਬਠਿੰਡਾ ਦਾ ਕਹਿਣਾ ਹੈ ਕਿ ਹਨੀਪ੍ਰੀਤ ਇੰਸਾਂ ਜਾਂ ਸੁਖਦੀਪ ਕੌਰ ਵਿਰੁੱਧ ਪੰਜਾਬ 'ਚ ਕੋਈ ਵੀ ਕੇਸ ਨਹੀਂ ਹੈ ਤੇ ਨਾ ਹੀ ਹਨੀਪ੍ਰੀਤ ਦੀ ਛੁਪਣਗਾਹ ਜਾਂ ਜਾਂਚ ਲਈ ਪੰਚਕੂਲਾ ਪੁਲਸ ਨੇ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਹਨੀਪ੍ਰੀਤ ਦੇ ਬਠਿੰਡਾ 'ਚ ਲੁਕੇ ਰਹਿਣ ਬਾਰੇ ਖ਼ਬਰ ਮਿਲਣ 'ਤੇ ਉਨ੍ਹਾਂ ਆਪਣੇ ਪੱਧਰ 'ਤੇ ਸੁਖਦੀਪ ਕੌਰ ਦੀ ਬੱਲੂਆਣਾ ਰਿਹਾਇਸ਼ ਦੀ ਤਲਾਸ਼ੀ ਕੀਤੀ ਪਰ ਮੌਕਾ ਦੇਖਣ 'ਤੇ ਪਤਾ ਲੱਗਾ ਕਿ ਉਥੇ ਕਈ ਮਹੀਨਿਆਂ ਤੋਂ ਕੋਈ ਨਹੀਂ ਆਇਆ।
