ਖੰਨਾ 'ਚ ਹਨੀ ਟ੍ਰੈਪ ਦਾ ਪਰਦਾਫਾਸ਼, ਰਿਟਾਇਰਡ ਟੀਚਰ ਦੀ ਅਸ਼ਲੀਲ ਵੀਡੀਓ ਬਣਾ ਵਸੂਲੇ ਸਨ 3 ਲੱਖ

Sunday, Oct 29, 2023 - 01:54 AM (IST)

ਖੰਨਾ 'ਚ ਹਨੀ ਟ੍ਰੈਪ ਦਾ ਪਰਦਾਫਾਸ਼, ਰਿਟਾਇਰਡ ਟੀਚਰ ਦੀ ਅਸ਼ਲੀਲ ਵੀਡੀਓ ਬਣਾ ਵਸੂਲੇ ਸਨ 3 ਲੱਖ

ਖੰਨਾ (ਜ. ਬ.) : ਖੰਨਾ ਦੇ ਗੋਦਾਮ ਰੋਡ ’ਤੇ ਇਕ ਪਤੀ-ਪਤਨੀ ਨੇ ਹਨੀ ਟ੍ਰੈਪ ਦਾ ਅੱਡਾ ਬਣਾਇਆ ਹੋਇਆ ਸੀ। ਪੁਲਸ ਨੇ ਰਿਟਾਇਰਡ ਟੀਚਰ ਸੁਰਜੀਤ ਰਾਮ ਪੁੱਤਰ ਧਰਮਪਾਲ ਵਾਸੀ ਹੇਡੋਂ ਬੇਟ ਦੀ ਸ਼ਿਕਾਇਤ ’ਤੇ ਗੋਦਾਮ ਰੋਡ ਖੰਨਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ, ਕਿਰਨਦੀਪ ਕੌਰ ਅਤੇ ਕਰਤਾਰ ਨਗਰ ਦੇ ਵਾਸੀ ਸਤਨਾਮ ਸਿੰਘ ਸੱਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਰਾਜਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਹਿਲਾਂ ਪਾਇਲ ਦੇ ਪਿੰਡ ਸ਼ਾਹਪੁਰ ’ਚ ਰਹਿੰਦੀ ਸੀ ਅਤੇ ਹੁਣ ਗੋਦਾਮ ਰੋਡ ਖੰਨਾ ’ਚ ਰਹਿਣ ਲੱਗੀ ਸੀ। ਵਾਰਦਾਤ 28 ਸਤੰਬਰ ਦੀ ਹੈ। ਕੁਝ ਦਿਨਾਂ ਬਾਅਦ ਹੀ ਸਤਨਾਮ ਸਿੰਘ ਨੂੰ ਨਸ਼ਾ ਸਮੱਗਲਿੰਗ ਵਿੱਚ ਸਜ਼ਾ ਹੋਈ ਸੀ। ਉਹ ਲੁਧਿਆਣਾ ਜੇਲ੍ਹ 'ਚ ਬੰਦ ਹੈ। ਗੁਰਵਿੰਦਰ ਸਿੰਘ ਤੇ ਕਿਰਨਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਾਂ 'ਤੇ ਤਸ਼ੱਦਦ ਢਾਹੁਣ ਵਾਲੇ ਜੱਲਾਦ ਵਕੀਲ ਪੁੱਤ ਦਾ ਮਿਲਿਆ 1 ਦਿਨ ਦਾ ਪੁਲਸ ਰਿਮਾਂਡ

ਐੱਸ. ਐੱਚ. ਓ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਹਨੀ ਟ੍ਰੈਪ ਦੇ ਦੋਸ਼ ’ਚ ਰਾਜਵਿੰਦਰ ਕੌਰ ਤੇ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਕੇਸ ਕਰਜ ਹਨ। ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਦੇ ਪਿੰਡ ਹੇਡੋਂ ਬੇਟ ਦਾ ਰਹਿਣ ਵਾਲਾ ਇਕ ਰਿਟਾਇਰਡ ਟੀਚਰ ਮਹਿੰਦਰਾ ਕੋਟਕ ਲਾਈਫ ਇੰਸ਼ੋਰੈਂਸ ਕੰਪਨੀ 'ਚ ਕੰਮ ਕਰਦਾ ਹੈ। 22 ਸਤੰਬਰ ਨੂੰ ਉਸ ਨੂੰ ਫੇਸਬੁੱਕ ’ਤੇ ਇਕ ਮੈਸੇਜ ਆਇਆ। ਮੈਸੇਜ ਕਰਨ ਵਾਲੀ ਔਰਤ ਨੇ ਉਸ ਦੀ ਬੇਟੀ ਦੀ ਬੀਮਾ ਪਾਲਿਸੀ ਬਾਰੇ ਘਰ ਆ ਕੇ ਸਲਾਹ ਦੇਣ ਦੀ ਗੱਲ ਕਹੀ।

ਔਰਤ ਨੇ ਰਿਟਾਇਰਡ ਟੀਚਰ ਨੂੰ ਗੋਦਾਮ ਰੋਡ ਖੰਨਾ ’ਚ ਸਥਿਤ ਆਪਣੇ ਘਰ ਸੱਦਿਆ। ਉੱਥੇ ਉਸ ਨੂੰ ਚਾਹ ਦਿੱਤੀ ਗਈ, ਜਿਸ ਨੂੰ ਪੀ ਕੇ ਟੀਚਰ ਬੇਹੋਸ਼ ਹੋ ਗਿਆ। ਕੁਝ ਦੇਰ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਦੇ ਕੋਲ 2 ਔਰਤਾਂ ਤੇ 2 ਮਰਦ ਮੌਜੂਦ ਸਨ, ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਗਈ। ਇਸ ਉਪਰੰਤ ਉਸ ਨੂੰ ਧਮਕੀ ਦੇ ਕੇ ਪੈਸੇ ਮੰਗੇ ਗਏ।

ਇਹ ਵੀ ਪੜ੍ਹੋ : ਵਿਦੇਸ਼ੀ ਲੜਕੀ ਨੇ ਗਾਇਆ 'ਕੇਸਰੀਆ' ਗਾਣਾ, ਆਵਾਜ਼ ਤੋਂ ਜ਼ਿਆਦਾ ਖੂਬਸੂਰਤੀ ਦੇ ਹੋਣ ਲੱਗੇ ਚਰਚੇ

ਹਨੀ ਟ੍ਰੈਪ ਗੈਂਗ ਨੇ ਰਿਟਾਇਰਡ ਟੀਚਰ ਨੂੰ ਧਮਕਾ ਕੇ ਆਨਲਾਈਨ 99 ਹਜ਼ਾਰ ਰੁਪਏ ਗੁਰਵਿੰਦਰ ਸਿੰਘ ਦੇ ਖਾਤੇ 'ਚ ਟਰਾਂਸਫਰ ਕਰਵਾ ਲਏ। ਇਹੀ ਨਹੀਂ, ਬਾਅਦ ’ਚ ਉਸ ਨੂੰ ਮਾਛੀਵਾੜਾ ਸਾਹਿਬ ਦੇ ਬੈਂਕ ਵਿੱਚ ਲਿਜਾ ਕੇ 2 ਲੱਖ ਰੁਪਏ ਹੋਰ ਟਰਾਂਸਫਰ ਕਰਵਾਏ ਗਏ। ਜਦੋਂ ਹਨੀ ਟ੍ਰੈਪ ਦੇ ਮੈਂਬਰ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਰਹੇ ਤਾਂ ਟੀਚਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ-ਪੜਤਾਲ ਤੋਂ ਬਾਅਦ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News