ਲੱਖਾਂ ਦੇ ਗਹਿਣਿਆਂ ਦੀ ਚੋਰੀ ਦੇ ਪੀਡ਼ਤ ਪਰਿਵਾਰ ਨੇ ਪੁਲਸ ਕਾਰਗੁਜ਼ਾਰੀ ’ਤੇ ਉਠਾਏ ਸਵਾਲ

Monday, Jul 23, 2018 - 12:31 AM (IST)

ਲੱਖਾਂ ਦੇ ਗਹਿਣਿਆਂ ਦੀ ਚੋਰੀ ਦੇ ਪੀਡ਼ਤ ਪਰਿਵਾਰ ਨੇ ਪੁਲਸ ਕਾਰਗੁਜ਼ਾਰੀ ’ਤੇ ਉਠਾਏ ਸਵਾਲ

 ਕਾਹਨੂੰਵਾਨ/ਗੁਰਦਾਸਪੁਰ,  (ਵਿਨੋਦ)-  ਪਿੰਡ ਬਲਵੰਡਾ ’ਚ ਬੀਤੀ 16 ਜੁਲਾਈ ਨੂੰ ਇਕ  ਘਰੋਂ ਰਾਤ ਨੂੰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰ ਗਿਰੋਹ ਵੱਲੋਂ ਪਰਿਵਾਰ ਦੇ ਘਰ ਹੋਣ ਦੇ ਬਾਵਜੂਦ ਚੋਰੀ ਕਰ ਲਈ ਗਈ ਸੀ।  ਇਸ ਵਾਰਦਾਤ ਕਾਰਨ ਜਿਥੇ  ਪੂਰਾ ਪਰਿਵਾਰ ਭਾਰੀ ਸਦਮੇ ’ਚ ਹੈ, ਉਥੇ  ਆਪਣੇ ਨਾਲ ਹੋਈ ਘਟਨਾ ਤੋਂ ਬਾਅਦ ਪੁਲਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਵੀ ਕਾਫੀ ਨਿਰਾਸ਼ ਹੈ। ਪਰਿਵਾਰ ਦੇ ਮੁਖੀ ਸੂਬੇਦਾਰ ਹਰਬੰਸ ਸਿੰਘ ਅਤੇ ਉਨ੍ਹਾਂ ਦੇ ਪੁੱਤਰ  ਵਿਪਨ ਨੇ ਕਿਹਾ ਕਿ ਘਟਨਾ ਵਾਲੇ ਸਮੇਂ ਥਾਣਾ ਭੈਣੀ ਮੀਆਂ ਖਾਨ ਦੀ ਪੁਲਸ ਅਤੇ ਗੁਰਦਾਸਪੁਰ ਤੋਂ ਆਏ ਫੋਰੈਂਸਿਕ ਮਾਹਿਰਾਂ ਨੇ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਸੀ। ਪੁਲਸ ਵੱਲੋਂ ਚੋਰਾਂ ਨੂੰ ਜਲਦੀ ਕਾਬੂ ਕਰਨ ਦੇ ਦਾਅਵੇ ਵੀ ਕੀਤੇ  ਗਏ ਸਨ ਪਰ ਪੁਲਸ ਵੱਲੋਂ ਇਸ ਮਾਮਲੇ ਦੀ ਦਰਜ ਐੱਫ. ਆਈ. ਆਰ. ਵਿਚ ਨਾ ਤਾਂ ਸਾਡੇ ਹੋਏ ਨੁਕਸਾਨ ਬਾਰੇ ਜ਼ਿਕਰ ਕੀਤਾ ਹੈ ਤੇ ਲਿਖਿਅਾ ਹੈ ਕਿ ਬਲਵੰਡਾ ’ਚ ਹਰਬੰਸ ਸਿੰਘ ਦੇ ਘਰ ਚੋਰੀ ਹੋਈ ਜਾਪਦੀ ਹੈ। ਪੀਡ਼ਤ ਪਰਿਵਾਰ ਨੇ ਦੱਸਿਆ ਕਿ ਉਸੇ ਰਾਤ ਸਾਡੇ ਨੇਡ਼ਲੇ ਪਿੰਡ ਮੁੰਨਣ ਕਲਾਂ ’ਚ ਗੁਰਦੀਪ ਸਿੰਘ ਦੇ ਘਰ 15 ਤੋਲੇ ਸੋਨਾ ਅਤੇ 70 ਹਜ਼ਾਰ ਦੀ ਨਕਦੀ ਚੋਰੀ ਹੋਈ ਸੀ ਅਤੇ ਸਾਡੇ ਘਰ ਤੋਂ 60 ਤੋਲੇ ਸੋਨਾ ਅਤੇ 2 ਲੱਖ ਰੁਪਏ ਦੀ ਨਕਦੀ  ਚੋਰੀ ਹੋਈ ਸੀ ਪਰ ਪੁਲਸ ਨੇ ਮੁੰਨਣ ਕਲਾਂ ਦੀ ਘਟਨਾ  ਅਤੇ ਉਨ੍ਹਾਂ ਦੇ ਮਾਮਲੇ ਨੂੰ ਇਕ ਹੀ ਐੱਫ. ਆਈ. ਆਰ. ’ਚ ਦਰਜ ਕੀਤਾ ਹੈ ਅਤੇ ਮੁੰਨਣ ਕਲਾਂ ਵਾਲੀ ਛੋਟੀ ਘਟਨਾ ਨੂੰ ਪ੍ਰਮੁੱਖ ਤੌਰ ’ਤੇ ਲੈਂਦੇ ਹੋਏ ਸਾਡੇ ਪਰਿਵਾਰ ਦੇ ਨੁਕਸਾਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। 
ਵਿਪਨ ਕੁਮਾਰ ਨੇ ਕਿਹਾ ਕਿ ਉਸ ਦਿਨ ਉਹ ਪਰਿਵਾਰ ਨਾਲ ਘਰ ਦੀ ਛੱਤ ’ਤੇ ਸੁੱਤਾ ਸੀ ਤਾਂ ਉਨ੍ਹਾਂ ਦੇ ਘਰ ਅੱਗੇ ਅੱਧੀ ਰਾਤ ਵੇਲੇ ਇਕ ਸਵਿਫਟ ਕਾਰ ਅਤੇ ਕੁਝ ਅਣਪਛਾਤੇ ਬੰਦੇ ਖਡ਼੍ਹੇ ਸਨ ਪਰ ਉਨ੍ਹਾਂ ਨੇ ਕਿਸੇ ਦੇ ਮਹਿਮਾਨ ਸਮਝ ਕੇ ਬਹੁਤੀ ਗੌਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲਾ ਪੁਲਸ ਇਨ੍ਹਾਂ ਵਿਅਕਤੀਅਾਂ ਦਾ ਸਕੈੱਚ ਤਿਆਰ ਕਰੇ ਤਾਂ ਉਹ ਪੁਲਸ ਦੀ ਮਦਦ ਕਰ ਸਕਦਾ ਹੈ।
 ਕੀ ਕਹਿਣਾ ਹੈ ਥਾਣਾ ਮੁਖੀ ਦਾ 
 ਇਸ ਸਬੰਧੀ ਕੁਲਵਿੰਦਰ ਸਿੰਘ ਵਿਰਕ ਥਾਣਾ ਮੁਖੀ ਭੈਣੀ ਮੀਆਂ ਖਾਨ ਨੇ ਦੱਸਿਆ ਕਿ ਘਟਨਾ ਦੇ ਸਮੇਂ ਅਨੁਸਾਰ ਹੀ ਮਾਮਲਾ ਦਰਜ ਹੁੰਦਾ ਹੈ। ਇਕ ਰਾਤ ਦੋ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ’ਚੋਂ ਮੁੰਨਣ ਕਲਾਂ ਦੀ ਘਟਨਾ ਪਹਿਲਾਂ ਵਾਪਰੀ ਸੀ। ਪੁਲਸ ਪਰਿਵਾਰ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਤੇ ਇਨਸਾਫ ਦੇਣ ਲਈ ਵਚਨਬੱਧ ਹੈ।


Related News