ਮਾਕਨ ਦੀ ਨਿਯੁਕਤੀ ’ਤੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਸਿੱਧੂ ਚੁੱਪ ਕਿਉਂ : ਮਜੀਠੀਆ
Wednesday, Dec 08, 2021 - 02:36 AM (IST)
ਚੰਡੀਗੜ੍ਹ(ਅਸ਼ਵਨੀ)- ਕਾਂਗਰਸ ਪਾਰਟੀ ਸਿੱਖ ਭਾਈਚਾਰੇ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੀ ਹੈ। ਕਾਂਗਰਸ ਵਿਚ ਅਜਿਹੇ ਨੇਤਾਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹੱਤਵਪੂਰਣ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ, ਜੋ 1984 ਵਿਚ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਹਨ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦਾ।
ਚੰਡੀਗੜ੍ਹ ਵਿਚ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਅਜੈ ਮਾਕਨ ਨੂੰ ਪੰਜਾਬ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦਾ ਪ੍ਰਧਾਨ ਤਾਇਨਾਤ ਕਰ ਕੇ ਸਿੱਖ ਭਾਈਚਾਰੇ ਨੂੰ ਇੱਕ ਵਾਰ ਫਿਰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਅਜਿਹੇ ਅਨਸਰਾਂ ਨੂੰ ਸੁਰੱਖਿਆ ਦੇਣਾ ਜਾਰੀ ਰੱਖੇਗੀ। ਮਜੀਠੀਆ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ , ਗ੍ਰਹਿ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇਸ ’ਤੇ ਚੁੱਪ ਕਿਉਂ ਹਨ। ਨਾ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਾ ਹੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਕਨ ਦੀ ਨਿਯੁਕਤੀ ’ਤੇ ਇਤਰਾਜ਼ ਜਤਾਇਆ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੇ ਨੇਤਾ ਆਪਣੇ ਹਿੱਤਾਂ ਦੀ ਰੱਖਿਆ ਲਈ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਤਿਆਗਣ ਲਈ ਤਿਆਰ ਹਨ। ਉਹ ਸਿਖਰਲੇ ਅਹੁਦੇ ਹਥਿਆਉਣ ਲਈ ਆਪਣੇ ਮੌਕੇ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦੇ। ਉਹ ਅਸਲ ਵਿਚ ਮੌਕਾਪ੍ਰਸਤੀ ਅਤੇ ਸਵਾਰਥ ਦੀ ਚਰਮਸੀਮਾ ਤੱਕ ਪਹੁੰਚ ਚੁੱਕੇ ਹਨ।
ਮਜੀਠੀਆ ਨੇ ਕਿਹਾ ਕਿ ਪੀਪੁਲਸ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਸਿੱਖਾਂ ਖਿਲਾਫ ਹਿੰਸਾ ਕਰਨ ਦੇ ਜ਼ਿੰਮੇਵਾਰ 277 ਆਦਮੀਆਂ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿਚ ਲਲਿਤ ਮਾਕਨ ਦਾ ਨਾਮ ਤੀਜੇ ਨੰਬਰ ’ਤੇ ਸੀ। ਇੱਥੋਂ ਸਾਬਿਤ ਹੁੰਦਾ ਹੈ ਕਿ 1984 ਵਿਚ ਸਿੱਖਾਂ ਦਾ ਕਤਲ ਕਰਨ ਵਾਲੇ ਨੇਤਾਵਾਂ ਨੂੰ ਵਾਰ-ਵਾਰ ਉੱਚ ਅਹੁਦਿਆਂ ’ਤੇ ਨਿਵਾਜਿਆ ਜਾਣਾ ਗਾਂਧੀ ਪਰਿਵਾਰ ਦੀ ਨੀਤੀ ਹੈ।