ਹੋਮਗਾਰਡ ਦੇ ਮੁਲਾਜ਼ਮ ਨੇ ਫਾਈਨਾਂਸਰਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ

Tuesday, Jul 19, 2022 - 11:21 AM (IST)

ਹੋਮਗਾਰਡ ਦੇ ਮੁਲਾਜ਼ਮ ਨੇ ਫਾਈਨਾਂਸਰਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ ਇਕ ਹੋਮਗਾਰਡ ਦੇ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹੋਮ ਗਾਰਡ ਦੇ ਮੁਲਾਜ਼ਮ ਹੁਸਨ ਲਾਲ ਦੀ ਪਤਨੀ ਕੁਲਦੀਪ ਕੌਰ ਵਾਸੀ ਚੰਦਨ ਨਗਰ, ਭੌਰਾ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਜਨਕਪੁਰੀ ਪੁਲਸ ਚੌਂਕੀ ’ਚ ਹੋਮਗਾਰਡ ਦੀ ਡਿਊਟੀ ’ਤੇ ਤਾਇਨਾਤ ਸੀ, ਜਿਸ ਨੇ ਮੱਟੂ ਸਾਹਿਬ ਫਾਈਨਾਂਸ ਕੰਪਨੀ ਅਤੇ ਪ੍ਰੀਤ ਫਾਈਨਾਂਸ ਕੰਪਨੀ ਰਿੰਕੂ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਤੋਂ ਵਿਆਜ ’ਤੇ ਪੈਸੇ ਲਏ ਹੋਏ ਸਨ।

ਇਸ ਤੋਂ ਬਾਅਦ ਉਕਤ ਲੋਕ ਉਸ ਦੇ ਪਤੀ ਹੁਸਨ ਲਾਲ ਨੂੰ ਆਪਣੀ ਦਿੱਤੀ ਗਈ ਰਕਮ ਬਦਲੇ ਵਿਆਜ ਦੇ ਪੈਸਿਆਂ ਲਈ ਕਾਫੀ ਤੰਗ-ਪਰੇਸ਼ਾਨ ਕਰਨ ਲੱਗੇ, ਜਿਸ ਕਾਰਨ ਉਸ ਦੇ ਪਤੀ ਹੁਸਨ ਲਾਲ ਨੇ ਬੀਤੀ ਰਾਤ ਆਪਣੇ ਕਮਰੇ ਵਿਚ ਜਾ ਕੇ ਕੋਈ ਜ਼ਹਿਰੀਲੀ ਦਵਾ ਖਾ ਲਈ, ਜਿਸ ਤੋਂ ਬਾਅਦ ਜਦੋਂ ਇਸ ਸਬੰਧੀ ਪਰਿਵਾਰ ਨੂੰ ਪਤਾ ਲੱਗਾ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਹੁਸਨ ਲਾਲ ਦੀ ਪਤਨੀ ਕੁਲਦੀਪ ਕੌਰ ਦੀ ਸ਼ਿਕਾਇਤ ’ਤੇ ਫਾਈਨਾਂਸ ਕੰਪਨੀ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਉਕਤ ਮਾਮਲੇ ’ਚ ਹਾਲੇ ਤੱਕ ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ।
 


author

Babita

Content Editor

Related News