ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਪੰਜਾਬ ''ਚ ਛੁੱਟੀ...
Tuesday, Dec 17, 2024 - 06:23 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਰਵਰੀ 2025 ’ਚ ਆ ਰਹੇ ਪ੍ਰਕਾਸ਼ ਦਿਹਾੜੇ ’ਤੇ ਸੂਬੇ ਦੀਆਂ ਬੈਂਕਾਂ ’ਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਛੁੱਟੀ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ਤੇ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਦਾ ਇਕ ਵਫਦ ਨੇ ਜਸਵੀਰ ਸਿੰਘ ਪਮਾਲੀ ਦੀ ਅਗਵਾਈ ’ਚ ਚੇਅਰਮੈਨ ਸਟੇਟ ਲੈਵਲ ਬੈਂਕਰਜ਼ ਕਮੇਟੀ ਪ੍ਰਵੇਸ਼ ਕੁਮਾਰ ਨੂੰ ਮਿਲ ਕੇ ਲਿਖਤੀ ਮੰਗ-ਪੱਤਰ ਦਿੱਤਾ ਸੀ। ਉਸ ’ਤੇ ਕਾਰਵਾਈ ਕਰਦਿਆਂ ਚੇਅਰਮੈਨ ਸਟੇਟ ਲੈਵਲ ਬੈਂਕਰਜ਼ ਕਮੇਟੀ ਪ੍ਰਵੇਸ਼ ਕੁਮਾਰ ਨੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਦਿਆਂ 12 ਫਰਵਰੀ 2025 ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸੂਬੇ ਦੀਆਂ ਬੈਂਕਾਂ ’ਚ ਛੁੱਟੀ ਕਰਨ ਦਾ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਪੱਤਰ ਜਾਰੀ ਕੀਤਾ ਗਿਆ।
ਸੂਬੇ ਦੀਆਂ ਬੈਂਕਾਂ ’ਚ 12 ਫਰਵਰੀ ਨੂੰ ਛੁੱਟੀ ਕਰਨ ਤੇ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਅਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸੂਬੇ ਦੀਆਂ ਬੈਂਕਾਂ ’ਚ ਹੋਣ ਵਾਲੀ ਇਹ ਛੁੱਟੀ ਪਿਛਲੇ 5 ਸਾਲ ਤੋਂ ਬੰਦ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸੂਬੇ ਦੀਆਂ ਰਵਿਦਾਸ ਨਾਮਲੇਮਾ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਿਸ ਨੂੰ ਭਾਂਪਦਿਆਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਦੇ ਸਾਂਝੇ ਯਤਨਾਂ ਨਾਲ ਇਹ ਛੁੱਟੀ ਦੁਬਾਰਾ ਸ਼ੁਰੂ ਕੀਤੀ ਗਈ ਹੈ। ਹੁਣ ਇਹ ਛੁੱਟੀ ਹਰ ਸਾਲ ਹੋਇਆ ਕਰੇਗੀ।