ਖ਼ਾਲਸਾ ਪੰਥ ਦਾ ਜਲੌਅ: ਹੋਲਾ ਮਹੱਲਾ

Monday, Mar 29, 2021 - 10:03 AM (IST)

ਖ਼ਾਲਸਾ ਪੰਥ ਦਾ ਜਲੌਅ: ਹੋਲਾ ਮਹੱਲਾ

ਸ੍ਰੀ ਅਨੰਦਪੁਰ ਸਾਹਿਬ- ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ। ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ। ਸ੍ਰੀ ਅਨੰਦਪੁਰ ਸਾਹਿਬ ਅਹਿਮ ਘਟਨਾਵਾਂ ਕਰਕੇ ਸਿੱਖ ਇਤਿਹਾਸ ਨੂੰ ਨਵੀਂ ਦਿਸ਼ਾ ਦੇ ਰੂ-ਬ-ਰੂ ਕਰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਅਤੇ ਖ਼ਾਲਸਾਈ ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਉਹ ਕ੍ਰਾਂਤੀਕਾਰੀ ਸੁਨੇਹੇ ਸਨ, ਜਿਨ੍ਹਾਂ ਸਦਕਾ ਸਿੱਖ ਕੌਮ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। 

PunjabKesari

ਖ਼ਾਲਸਾ ਪੰਥ ਤਿਉਹਾਰਾਂ ਨੂੰ ਆਪਣੀ ਪਛਾਣ ਦੇ ਕੇ ਨਿਵੇਕਲੇ ਢੰਗ ਨਾਲ ਮਨਾਉਂਦਾ ਆ ਰਿਹਾ ਹੈ। ਇਸੇ ਅਨੁਸਾਰ ‘ਹੋਲੀ’ ਦੀ ਥਾਂ ਸਿੱਖ ਕੌਮ ‘ਹੋਲਾ ਮਹੱਲਾ’ ਮਨਾਉਂਦੀ ਹੈ। ਜਦੋਂ ਹੋਲੀ ਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਖ਼ਾਲਸੇ ਦਾ ‘ਹੋਲਾ’ ਹੁੰਦਾ ਹੈ। ਹੋਲੀ ਸਮੁੱਚੇ ਭਾਰਤ ਦਾ ਅਤੇ ਹੋਲਾ ਸਿਰਫ਼ ਸਿੱਖਾਂ ਦਾ ਕੌਮੀ ਤਿਉਹਾਰ ਹੈ। ਹੋਲੀ ਦਾ ਤਿਉਹਾਰ ਫੱਗਣ ਵਿਚ ਆਉਂਦਾ ਹੈ, ਇਸ ਕਰਕੇ ਇਸ ਨੂੰ ‘ਫਾਗ’ ਵੀ ਆਖ਼ਦੇ ਹਨ। ਹੋਲੇ ਮਹੱਲੇ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਅਸਥਾਨ ’ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਖ਼ਾਲਸਾ ਪੰਥ ਦੀ ਸਾਜਨਾ ਮਗਰੋਂ ਆਰੰਭ ਹੋਏ ਹੋਲਾ ਮਹੱਲਾ ਦਾ ਮੰਤਵ ਸਿੱਖਾਂ ਅੰਦਰ ‘ਫਤਿਹ’ ਅਤੇ ਚੜ੍ਹਦੀ ਕਲਾ ਦੇ ਅਹਿਸਾਸ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਇਸ ਕਰ ਕੇ ਜਿੱਥੋਂ ਹੋਲਾ ਮਹੱਲਾ ਆਰੰਭ ਹੁੰਦਾ ਹੈ, ਉਸ ਥਾਂ ਦਾ ਨਾਂ ਹੋਲਗੜ੍ਹ੍ ਰੱਖ ਦਿੱਤਾ ਅਤੇ ਜਿੱਥੇ ਸਮਾਪਤ ਹੁੰਦਾ ਹੈ, ਉਸ ਥਾਂ ਦਾ ਨਾਂ ‘ਫਤਿਹਗੜ੍ਹ’ ਰੱਖਿਆ। 

PunjabKesari

ਹੋਲਾ-ਮਹੱਲਾ ਦੋ ਸ਼ਬਦਾਂ ਦਾ ਸੁਮੇਲ ਹੈ। ਹੋਲਾ ਅਰਬੀ ਦਾ ਅਤੇ ਮਹੱਲਾ ਫ਼ਾਰਸੀ ਦਾ ਸ਼ਬਦ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸਦੇ ਅਰਥ ਹਮਲਾ ਤੇ ਹਮਲਾ ਕਰਨ ਦੀ ਥਾਂ ਕੀਤੇ ਹਨ। ਉਨ੍ਹਾਂ ਅਨੁਸਾਰ ‘ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ ਇੱਕ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ। ਉਹ ਲਿਖਦੇ ਹਨ ਕਿ ਇਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ, ਪੈਦਲ, ਘੋੜ ਸਵਾਰ ਅਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ’ਤੇੇ ਹਮਲਾ ਕਰਦੇ ਹਨ। ਕਲਗੀਧਰ ਪਾਤਸ਼ਾਹ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਪਾਰਟੀਆਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜੇਤੂ ਹੁੰਦਾ, ਉਸ ਨੂੰ ਸਿਰੋਪਾਓ ਬਖਸ਼ਿਸ਼ ਕਰਦੇ।’ ਮਹਾਨ ਕੋਸ਼ ਦੇ ਉਕਤ ਸ਼ਬਦਾਂ ਅਨੁਸਾਰ ਹੋਲਾ ਮਹੱਲਾ ਮਨੁੱਖੀ ਅਜ਼ਾਦੀ, ਸਵੈਮਾਣ ਅਤੇ ਨਿਡਰਤਾ ਨੂੰ ਪ੍ਰਭਾਸ਼ਿਤ ਕਰਦਾ ਹੋਇਆ ਸਿੱਖ ਕੌਮ ਦਾ ਉਹ ਜਲੌਅ ਹੈ, ਜਿਸ ਨੇ ਸਮੁੱਚੀ ਮਾਨਵਤਾ ਨੂੰ ਹੀ ਪ੍ਰਭਾਵਿਤ ਕੀਤਾ।

PunjabKesari

ਸਿੱਖ ਪੰਥ ਵਿਸ਼ਵ ਕੋਸ਼ (ਡਾ. ਰਤਨ ਸਿੰਘ ਜੱਗੀ) ਅਨੁਸਾਰ ਹੋਲੀ ਦੇ ਰਵਾਇਤੀ ਤਿਉਹਾਰ ਦੇ ਸਮਾਨਾਂਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ, ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ ਵਿਦਿਆ ਵਿਚ ਮਾਹਰ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪ੍ਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਯੁੱਧ ਪ੍ਰਕਿਰਿਆ ਨਾਲ ਜੋੜਿਆ।’ ਇਸ ਤਰ੍ਹਾਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਨੇ ਹੋਲਾ-ਮਹੱਲਾ ਸਿੱਖਾਂ ਨੂੰ ਯੁੱਧ ਕਲਾ ਵਿਚ ਨਿਪੁੰਨ ਕਰਨ ਲਈ ਆਰੰਭ ਕੀਤਾ। ਸ਼ਸਤਰ ਦੇ ਮਹੱਤਵ ਨੂੰ ਉਜਾਗਰ ਕਰਨਾ ਇਸ ਦਾ ਮੰਤਵ ਹੈ ਕਿਉਂਕਿ ਸ਼ਸਤਰ ਵਿਦਿਆ ਤੋਂ ਅਣਜਾਣ ਸਿੱਖ, ਖ਼ਾਲਸਾ ਪੰਥ ਦੇ ਨਿਯਮਾਂ ਅਨੁਸਾਰ ਅਧੂਰਾ ਹੈ। 

PunjabKesari

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਸੰਗਤਾਂ ਵਿਚ ਨਵਾਂ ਉਤਸ਼ਾਹ, ਨਿਡਰਤਾ, ਨਿਰਭੈਅਤਾ ਭਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚੇ ਕਾਰਜ ਕੀਤੇ। ਹੋਲਾ-ਮਹੱਲਾ ਇਸੇ ਦਾ ਹੀ ਇੱਕ ਹਿੱਸਾ ਹੈ। ਗੁਰੂ ਸਾਹਿਬ ਨੇ ਹੋਲਾ-ਮਹੱਲਾ ਰਾਹੀਂ ਸੰਦੇਸ਼ ਦਿੱਤਾ ਕਿ ਹਰ ਇਕ ਸਿੱਖ ਪੂਰਾ ਸਿਪਾਹੀ ਵੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ। ਹੋਲੇ ਮਹੱਲੇ ਦੇ ਮੰਤਵ, ਉਦੇਸ਼ ਬੜੇ ਉਸਾਰੂ ਹਨ। ਗੁਰੂ ਸਾਹਿਬਾਨ ਨੇ ਮਨੁੱਖ ਦੇ ਜੀਵਨ ਨੂੰ ਹਰ ਪੱਖ ਤੋਂ ਸਿੱਖਿਆਦਾਇਕ ਅਤੇ ਉਸਾਰੂ ਬਣਾਉਣ ਲਈ ਵੱਡੀ ਅਗਵਾਈ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੋਲੀ ਦੇ ਅਸਲ ਅਰਥਾਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਅਤੇ ਪ੍ਰੇਰਨਾ ਕੀਤੀ ਕਿ ਅਸਲ ਖੇੜਾ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਹੈ, ਗੁਰਬਾਣੀ ਦਾ ਫੁਰਮਾਨ ਹੈ-
ਗੁਰਿ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਾਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥
ਆਜੁ ਹਮਾਰੈ ਗਿ੍ਰਹਿ ਬਸੰਤ॥
ਗੁਨ ਗਾਏ ਪ੍ਰਭ ਤੁਮ ਬੇਅੰਤ॥ ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥ (ਪੰਨਾ 1180)

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਜੰਗਜੂ ਤਿਉਹਾਰ ਅਤੇ ਸਿੰਘਾਂ ਵੱਲੋਂ ਆਪਸ ਵਿਚ ਕੀਤੇ ਜਾਂਦੇ ਯੁੱਧ ਅਭਿਆਸ ਨੇ ਲੋਕਾਂ ਦੇ ਮਨੋਬਲ ਨੂੰ ਉੱਚਾ ਚੁੱਕਿਆ। ਅਸਲ ਵਿਚ ਹੋਲਾ-ਮਹੱਲਾ ਇੱਕ ਪ੍ਰੇਰਣਾ ਹੈ, ਧਰਮ ਖਾਤਰ ਮਰ ਮਿਟਣ ਦੀ, ਸੱਚ ਲਈ ਜੂਝਣ ਦੀ, ਲਤਾੜੇ ਹੋਏ ਲੋਕਾਂ ਲਈ ਸੰਘਰਸ਼ ਦੀ ਪ੍ਰੇਰਣਾ। ਦਸਮ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਜੰਗਜੂ ਕਰਤੱਬਾਂ ਦੁਆਰਾ ਵੀਰਤਾ ਦਾ ਅਹਿਸਾਸ ਖਾਲਸਾਈ ਜੀਵਨ ਦਾ ਸਦੀਵੀ ਅੰਗ ਬਣੇ। ਉਹ ਚਾਹੁੰਦੇ ਸਨ ਕਿ ਸਿੱਖ ਸੰਤ ਸਿਪਾਹੀ ਬਣੇ। ਸਿੱਖ ਦੇ ਜੀਵਨ ਵਿਚ ਅਧਿਆਤਮਿਕਤਾ ਤੇ ਵੀਰਤਾ ਬਰਾਬਰ ਨਿਭੇ। ਹੋਲਾ-ਮਹੱਲਾ ਦੀ ਮੂਲ ਭਾਵਨਾ ਇਹੀ ਹੈ।

PunjabKesari

ਦਸਮ ਪਿਤਾ ਵੱਲੋਂ ਬਖਸ਼ਿਆ ਇਹ ਪਵਿੱਤਰ ਤਿਉਹਾਰ ਕੌਮੀ ਸ਼ਕਤੀ ਨੂੰ ਉਭਾਰਨ ਦਾ ਅਹਿਮ ਸੋਮਾ ਹੈ। ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਹਰ ਸਾਲ ਵੱਡੀ ਗਿਣਤੀ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ। ਇਸ ਸਮੇਂ ਦੀਵਾਨ ਸਜਾਏ ਜਾਂਦੇ ਹਨ। ਨਿਹੰਗ ਫੌਜਾਂ ਦੇ ਦਲ ਤੇ ਸੰਗਤਾਂ ਰਲ-ਮਿਲ ਕੇ ਮਹੱਲਾ ਸਜਾਉਂਦੀਆਂ ਹਨ ਅਤੇ ਘੋੜ ਸਵਾਰ ਫੌਜਾਂ ਦੇ ਕਰਤੱਬ ਦੇਖਣਯੋਗ ਹੁੰਦੇ ਹਨ। ਇਸ ਖਾਲਸਾਈ ਤਿਉਹਾਰ ਮੌਕੇ ਸੰਗਤ ਨੂੰ ਅਪੀਲ ਹੈ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਰਵਾਇਤਾਂ ਦਾ ਪਾਲਣ ਕਰਕੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਈਏ। ਖਾਸ ਕਰ ਕੇ ਨੌਜੁਆਨੀ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਵੱਡੀ ਲੋੜ ਹੈ। ਸੋ ਆਓ, ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚਲਦਿਆਂ ਸਿੱਖ ਰਵਾਇਤਾਂ ਦਾ ਪਾਲਣ ਕਰੀਏ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਤੱਤਪਰ ਰਹੀਏ।

ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ।

 


 


 


author

Tanu

Content Editor

Related News