ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦਾ ਹੋਇਆ ਸ਼ਾਨਦਾਰ ਆਗਾਜ਼ (ਤਸਵੀਰਾਂ)

Sunday, Mar 08, 2020 - 06:29 PM (IST)

ਖਾਲਸੇ ਦੀ ਜਨਮ ਭੂਮੀ ਵਿਖੇ ਹੋਲੇ-ਮਹੱਲੇ ਦਾ ਹੋਇਆ ਸ਼ਾਨਦਾਰ ਆਗਾਜ਼ (ਤਸਵੀਰਾਂ)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਖਾਲਸਾਈ ਜਾਹੋ-ਜਹਾਲ ਦਾ ਪ੍ਰਤੀਕ ਕੌਮੀ ਤਿਓਹਾਰ ਹੋਲਾ-ਮਹੱਲਾ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋ ਗਿਆ। ਇਸ ਤਿੰਨ ਰੋਜ਼ਾ ਕੋਮੀ ਤਿਓਹਾਰ ਦੇ ਅੱਜ ਪਹਿਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਨ੍ਹਾਂ ਦੇ ਭੋਗ 10 ਮਾਰਚ ਮੇਲੇ ਦੇ ਆਖਰੀ ਦਿਨ ਪੈਣਗੇ। ਆਰੰਭਤਾ ਦੀ ਅਰਦਾਸ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਕੀਤੀ ਗਈ।

PunjabKesari

ਇਸ ਮੌਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਜਸਬੀਰ ਸਿੰਘ, ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਪ੍ਰਚਾਰਕ ਲਵਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ, ਸੰਦੀਪ ਸਿੰਘ ਕਲੋਤਾਂ, ਪੀ. ਏ. ਹਰਦੇਵ ਸਿੰਘ ਸਮੇਤ ਤਖਤ ਸਾਹਿਬ ਦਾ ਸਮੁੱਚਾ ਸਟਾਫ ਹਾਜ਼ਰ ਸੀ। ਇਸ ਸਮੇਂ ਗਿਆਨੀ ਰਘਬੀਰ ਸਿੰਘ ਨੇ ਜਿੱਥੇ ਇਸ ਪਵਿੱਤਰ ਤਿਉਹਾਰ ਦੀ ਸੰਗਤਾਂ ਨੂੰ ਵਧਾਈ ਦਿੱਤੀ ਉੱਥੇ ਹੀ ਇੱਥੇ ਆਉਣ ਅਤੇ ਉਨ੍ਹਾਂ ਸਮੂਹ ਸੰਗਤਾਂ ਨੂੰ ਜੀ ਆਇਆ ਵੀ ਕਿਹਾ। ਉਨ੍ਹਾਂ ਸੰਗਤਾਂ ਨੂੰ ਇਸ ਪਵਿੱਤਰ ਤਿਉਹਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਗੁਰੂ ਸਾਹਿਬ ਨੇ ਹੋਲੀ ਤੋਂ ਹੋਲਾ ਮਨਾਉਣ ਦਾ ਆਦੇਸ਼ ਦਿੱਤਾ।

PunjabKesari

ਵੱਡੀ ਗਿਣਤੀ 'ਚ ਸੰਗਤਾਂ ਨੇ ਟੇਕਿਆ ਮੱਥਾ
ਅੱਜ ਮੇਲੇ ਦੇ ਪਹਿਲੇ ਦਿਨ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁ: ਸੀਸ ਗੰਜ ਸਾਹਿਬ, ਗੁ. ਅਕਾਲ ਬੁੰਗਾ, ਗੁ. ਭੋਰਾ ਸਾਹਿਬ, ਗੁ. ਗੁਰੂ ਕੇ ਮਹਿਲ, ਗੁ. ਬਾਬਾ ਸੰਗਤ ਸਿੰਘ ਜੀ, ਗੁ. ਕਿਲਾ ਫਤਿਹਗੜ੍ਹ ਸਾਹਿਬ ਸਮੇਤ ਇੱਥੇ ਮੋਜੂਦ ਵੱਡੀ ਗਿਣਤੀ ਇਤਿਹਾਸਿਕ ਗੁ. ਸਾਹਿਬਾਨਾਂ ਵਿਖੇ ਮੱਥਾ ਟੇਕਿਆ। ਤਖਤ ਸਾਹਿਬ ਵਿਖੇ ਤਿੰਨ ਦਿਨ ਲਗਾਤਾਰ ਧਾਰਮਿਕ ਦੀਵਾਨ ਸਜਣਗੇ, ਜਿਨ੍ਹਾਂ 'ਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਤੋਂ ਇਲਾਵਾ ਕੌਮ ਦੇ ਪ੍ਰਚਾਰਕ, ਢਾਡੀ ਜੱਥਿਆਂ, ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ। ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਸਰੋਵਰ 'ਚ ਵੱਡੀ ਗਿਣਤੀ ਸੰਗਤਾਂ ਵਲੋਂ ਇਸ਼ਨਾਨ ਕੀਤਾ ਜਾ ਰਿਹਾ ਹੈ।

PunjabKesari

ਸਿਆਸੀ ਕਾਨਫਰੰਸ 'ਤੇ ਕੋਰੋਨਾ ਵਾਇਰਸ ਦਾ ਅਸਰ
ਹੋਲੇ-ਮਹੱਲੇ ਮੌਕੇ ਹਰ ਵਾਰ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਕਾਨਫਰੰਸਾਂ 'ਤੇ ਇਸ ਵਾਰ ਕੋਰੋਨਾ ਵਾਇਰਸ ਹਾਵੀ ਹੋ ਗਿਆ ਹੈ। ਮਾਨ ਦਲ, ਸਦਭਾਵਨਾ ਦਲ ਤੋਂ ਇਲਾਵਾ ਇਸ ਵਾਰ ਕੋਈ ਵੀ ਵੱਡੀ ਪਾਰਟੀ ਹੋਲੇ ਮਹੱਲੇ ਮੌਕੇ ਸਿਆਸੀ ਕਾਨਫਰੰਸ ਨਹੀਂ ਕਰ ਰਹੀ। ਭਾਵੇਂ ਕਿਸੇ ਕਾਰਣਾਂ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਤਾਂ ਪਹਿਲਾਂ ਹੀ ਆਪਣੀ ਸਿਆਸੀ ਕਾਨਫਰੰਸ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਤੱਕ ਤਾਂ ਇੱਥੇ ਕਾਨਫਰੰਸ ਕਰਨ ਸਬੰਧੀ ਕਾਫੀ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਤਖਤ ਸਾਹਿਬ ਦੇ ਵੱਡੇ ਗਰਾਊਂਡ 'ਚ ਵਿਸ਼ਾਲ ਟੈਂਟ ਵੀ ਲਾਇਆ ਜਾ ਰਿਹਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਗਠਜੋੜ ਵੱਲੋਂ ਵੀ ਆਪਣੀ ਸਿਆਸੀ ਕਾਨਫਰੰਸ ਕਰਨ ਤੋਂ ਪਿਛਲੇ ਦਿਨੀਂ ਇਨਕਾਰ ਕਰ ਦਿੱਤਾ ਗਿਆ ਸੀ।

PunjabKesari

ਨਾਕਿਆਂ 'ਤੇ ਖੜ੍ਹੇ ਪੁਲਸ ਮੁਲਾਜ਼ਮ ਵੀ ਮਾਸਕ ਪਾ ਕੇ ਕਰ ਰਹੇ ਡਿਊਟੀ
ਮੇਲੇ ਦੌਰਾਨ ਆਈ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੂੰ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਸਬੰਧੀ ਵੱਡੇ ਪੱਧਰ 'ਤੇ ਜਾਣੂ ਕਰਵਾਉਣ ਲਈ ਜਿੱਥੇ ਅਨਾਊਂਸਮੈਂਟ ਅਤੇ ਅਖਬਾਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਲੀ ਪੰਜਾਬ ਪੁਲਸ ਵੀ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਮਾਸਕ ਪਹਿਨ ਕੇ ਨਾਕਿਆਂ 'ਤੇ ਡਿਊਟੀ ਕਰ ਰਹੀ ਹੈ।

PunjabKesari


author

shivani attri

Content Editor

Related News