ਹਾਕੀ ਖਿਡਾਰਨ ਗੁਰਜੀਤ ਕੌਰ ਦਾ ਅਜਨਾਲਾ ਪਹੁੰਚਣ ’ਤੇ ਭਰਵਾਂ ਸਵਾਗਤ
Wednesday, Aug 11, 2021 - 02:38 PM (IST)
ਅਜਨਾਲਾ/ਅੰਮ੍ਰਿਤਸਰ (ਗੁਰਜੰਟ, ਗਾਂਧੀ, ਫਰਿਆਦ) : ਟੋਕੀਓ ਓਲੰਪਿਕ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਦੀ ਇਕਲੌਤੀ ਹਾਕੀ ਖਿਡਾਰਨ ਗੁਰਜੀਤ ਕੌਰ ਅਜਨਾਲਾ ਪਹੁੰਚਣ ’ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਰਾਜਨੀਤਕ ਪਾਰਟੀਆਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਜਨਾਲਾ ’ਚ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਮਹਿਲ ਬੁਖਾਰੀ ਵਿਖੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਅਤੇ ਉਨ੍ਹਾਂ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਿਰਪਾਓ ਦੇ ਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਰਾਜਨੀਤਕ ਪਾਰਟੀਆਂ ’ਚ ਕਾਂਗਰਸੀ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਐੱਮ. ਆਰ. ਪੈਲੇਸ ਦੇ ਬਾਹਰ ਗੁਰਜੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ ਅਤੇ ਉਸ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਅਤੇ ਧਾਰਮਿਕ ਰਾਜਨੀਤਕ ਪਾਰਟੀਆਂ ਦੇ ਆਗੂ ਸਹਿਬਾਨਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਗੁਰਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਦਾ ਜੱਦੀ ਸ਼ਹਿਰ ਅਜਨਾਲਾ ਪਹੁੰਚਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਗੁਰਜੀਤ ਕੌਰ ਦੇ ਸਮੁੱਚੇ ਪਰਿਵਾਰ ਸਮੇਤ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰਜੀਤ ਕੌਰ ਨੇ ਸਰਹੱਦੀ ਤਹਿਸੀਲ ਅਜਨਾਲਾ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ, ਜਸਬੀਰ ਸਿੰਘ ਸਰਾਫ, ਹਰਜਿੰਦਰ ਸਿੰਘ ਠੇਕੇਦਾਰ ਪ੍ਰਿੰਸ, ਪਰਵੀਨ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ।