ਬਹੁ-ਚਰਚਿਤ ਹੋਰਡਿੰਗ ਮਾਮਲਾ : ਡੀ. ਸੀ. ਵੱਲੋਂ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਕਾਰਵਾਈ ਲਈ ਜ਼ਿਲਾ ਪੁਲਸ ਨੂੰ ਨਿਰਦੇਸ਼

Wednesday, Jul 24, 2019 - 04:40 PM (IST)

ਬਹੁ-ਚਰਚਿਤ ਹੋਰਡਿੰਗ ਮਾਮਲਾ : ਡੀ. ਸੀ. ਵੱਲੋਂ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਕਾਰਵਾਈ ਲਈ ਜ਼ਿਲਾ ਪੁਲਸ ਨੂੰ ਨਿਰਦੇਸ਼

ਹੁਸ਼ਿਆਰਪੁਰ (ਘੁੰਮਣ) : ਨਿਰਭਯਾ ਜਬਰ-ਜ਼ਨਾਹ ਅਤੇ ਕਤਲਕਾਂਡ ਦੇ ਦੋਸ਼ੀ ਦੀ ਤਸਵੀਰ ਹੋਰਡਿੰਗ 'ਚ ਛਪਣ ਦੇ ਮਾਮਲੇ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਜ਼ਿਲਾ ਚੋਣ ਅਫ਼ਸਰ ਹੁਸ਼ਿਆਰਪੁਰ ਵੱਲੋਂ ਜਾਂਚ ਰਿਪੋਰਟ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਜ਼ਿਲਾ ਚੋਣ ਅਫ਼ਸਰ ਸ਼੍ਰ੍ਰੀਮਤੀ ਈਸ਼ਾ ਕਾਲੀਆ ਵੱਲੋਂ ਇਸ ਮਾਮਲੇ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਸੌਂਪੀ ਗਈ ਸੀ। ਜਾਂਚ ਰਿਪੋਰਟ ਦੇ ਆਧਾਰ 'ਤੇ ਲਾਪ੍ਰਵਾਹੀ ਵਰਤਣ ਵਾਲੇ ਦੋ ਕਰਮਚਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਲਈ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਲਿਖ ਦਿੱਤਾ ਗਿਆ ਹੈ, ਜਦਕਿ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕਰਨ ਲਈ ਜ਼ਿਲਾ ਪੁਲਸ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।

ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮੀਡੀਆ ਰਾਹੀਂ ਜਦੋਂ ਹੋਰਡਿੰਗ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਤਾਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ. ਡੀ. ਸੀ. ਨੂੰ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਣਾਂ ਦੌਰਾਨ ਸਵੀਪ ਗਤੀਵਿਧੀ ਅਧੀਨ ਚੋਣ ਦਫ਼ਤਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਾਫੀ ਫਲੈਕਸ ਬਣਵਾਏ ਗਏ ਸਨ, ਜਿਨ੍ਹਾਂ 'ਚੋਂ ਹੀ ਇਹ ਵੀ ਇਕ ਸੀ। ਫਲੈਕਸ 'ਚ ਇਕ ਔਰਤ, ਇਕ ਟਰਾਂਸਜੈਂਡਰ ਅਤੇ ਇਕ ਮਰਦ ਦੀ ਫੋਟੋ ਲੱਗਣੀ ਸੀ, ਜਿਸ 'ਚ ਪ੍ਰਿੰਟਿੰਗ ਪ੍ਰੈੱਸ ਵਾਲੇ ਨੇ ਪੁਰਸ਼ ਦੀ ਫੋਟੋ ਸਬੰਧਤ ਅਧਿਕਾਰੀ ਦੇ ਜ਼ੁਬਾਨੀ ਤੌਰ 'ਤੇ ਕਹਿਣ 'ਤੇ ਹੀ ਲਾ ਦਿੱਤੀ ਸੀ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਬਣਾਏ ਗਏ ਫਲੈਕਸ ਵਿਚ ਲੱਗੀਆਂ ਤਿੰਨਾਂ ਦੀਆਂ ਫੋਟੋਆਂ ਹੇਠਾਂ ਨਾਂ ਨਹੀਂ ਸਨ ਅਤੇ ਨਾ ਹੀ ਇਨ੍ਹਾਂ ਨੂੰ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ।

ਸ਼੍ਰੀਮਤੀ ਕਾਲੀਆ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਫਲੈਕਸ ਵਿਚ ਵਿਵਾਦਿਤ ਤਸਵੀਰ ਜਾਣਬੁੱਝ ਕੇ ਨਹੀਂ ਲਾਈ ਗਈ, ਸਗੋਂ ਲਾਪ੍ਰਵਾਹੀ ਨਾਲ ਲੱਗੀ ਹੈ। ਪ੍ਰਿੰਟਿੰਗ ਪ੍ਰੈੱਸ ਵਾਲੇ ਅਤੇ ਸਬੰਧਤ ਅਧਿਕਾਰੀਆਂ ਨੂੰ ਫਲੈਕਸ 'ਚ ਲੱਗੀਆਂ ਤਸਵੀਰਾਂ ਦੀ ਪਛਾਣ ਬਾਰੇ ਪਤਾ ਹੀ ਨਹੀਂ ਸੀ। ਤਸਵੀਰ ਕਾਰਨ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਇਸ ਲਈ ਅਸੀਂ ਅਫਸੋਸ ਪ੍ਰ੍ਰਗਟਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲਾ ਚੋਣ ਦਫ਼ਤਰ ਦੇ ਦੋ ਕਰਮਚਾਰੀਆਂ ਵੱਲੋਂ ਜ਼ੁਬਾਨੀ ਤੌਰ 'ਤੇ ਇਸ ਫਲੈਕਸ ਨੂੰ ਬਣਾਉਣ ਲਈ ਕੀਤੇ ਗਏ ਡਿਜ਼ਾਈਨ ਨੂੰ ਮਨਜ਼ੂਰ ਕਰ ਲਿਆ ਗਿਆ ਸੀ, ਜਦਕਿ ਉਨ੍ਹਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਨਹੀਂ ਲਿਆਂਦਾ ਗਿਆ। ਕਰਮਚਾਰੀਆਂ ਵੱਲੋਂ ਵਰਤੀ ਗਈ ਲਾਪ੍ਰਵਾਹੀ ਲਈ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਲਈ ਮੁੱਖ ਚੋਣ ਅਫਸਰ ਪੰਜਾਬ ਨੂੰ ਲਿਖ ਦਿੱਤਾ ਗਿਆ ਹੈ ਅਤੇ ਸਬੰਧਤ ਪ੍ਰਿੰਟਿੰਗ ਪ੍ਰੈੱਸ ਖਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕਰਨ ਲਈ ਜ਼ਿਲਾ ਪੁਲਸ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਨਾਲ ਹੀ ਹਦਾਇਤ ਕਰਦਿਆਂ ਕਿਹਾ ਕਿ ਅੱਗੇ ਤੋਂ ਸੀਨੀਅਰ ਅਧਿਕਾਰੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਪੋਸਟਰ ਜਾਂ ਬੈਨਰ ਨਹੀਂ ਛਪੇਗਾ।
 


author

Anuradha

Content Editor

Related News