ਹਿੰਦੂ ਟੁੱਟਣ ਲੱਗੇ ਕਾਂਗਰਸ ਨਾਲੋਂ, ਭਾਜਪਾ ਨੇ ਵੀ ਪੰਜਾਬ ’ਚ ‘ਆਪਰੇਸ਼ਨ ਹਿੰਦੂ’ ਸ਼ੁਰੂ ਕੀਤਾ
Saturday, May 21, 2022 - 11:51 AM (IST)
ਜਲੰਧਰ (ਨਰਿੰਦਰ ਮੋਹਨ) - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਨਾਰਾਜ਼ ਹਿੰਦੂਆਂ ਨਾਲ ਸੰਪਰਕ ਤੇਜ਼ ਕਰ ਦਿੱਤਾ ਹੈ। ਕਾਂਗਰਸ ਦੇ ਕਈ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਅਤੇ ਕਾਂਗਰਸ ਦੇ ਹੋਰ ਅਹੁਦੇਦਾਰ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਭਾਜਪਾ ਦੀ ਪੰਜਾਬ ਇਕਾਈ ਆਪਣੇ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ ਜਦਕਿ ਦਲ-ਬਦਲੀ ਦੀ ਕਾਰਵਾਈ ਸਿੱਧੇ ਤੌਰ ’ਤੇ ਕੇਂਦਰੀ ਲੀਡਰਸ਼ਿਪ ਵੱਲੋਂ ਚਲਾਈ ਜਾ ਰਹੀ ਹੈ। ਇਸ ਦੀ ਕਮਾਨ ਪਾਰਟੀ ਆਗੂ ਅਤੇ ਕੇਂਦਰੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਹੱਥਾਂ ’ਚ ਹੈ। ਇਸ ਲਈ ਸਹਿਯੋਗ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਤੋਂ ਵੀ ਲਿਆ ਜਾ ਰਿਹਾ ਹੈ। ਸੁਨੀਲ ਜਾਖੜ ਦਾ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸਿਰਫ਼ 24 ਘੰਟਿਆਂ ’ਚ ਹੀ ਦੋ ਦਰਜਨ ਤੋਂ ਵੱਧ ਹਿੰਦੂ ਨੇਤਾਵਾਂ ਨਾਲ ਸੰਪਰਕ ਹੋ ਗਿਆ ਹੈ।
ਪੰਜਾਬ ਵਿੱਚ ਜਾਤੀ ਧਰੁਵੀਕਰਨ ਦਾ ਵੱਡਾ ਧਮਾਕਾ ਹੋਣ ਵਾਲਾ ਹੈ। ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਪਿਛਲੇ ਦਿਨੀਂ ਕਾਂਗਰਸ ਦੀ ਕੇਂਦਰੀ ਆਗੂ ਅੰਬਿਕਾ ਸੋਨੀ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਹਿੰਦੂ ਆਗੂਆਂ ਦਾ ਕਾਂਗਰਸ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਿਰਫ਼ ਸਿੱਖ ਆਗੂ ਹੀ ਮੁੱਖ ਮੰਤਰੀ ਬਣ ਸਕਦਾ ਹੈ। ਵਿਧਾਨ ਸਭਾ ਚੋਣਾਂ ਵਿੱਚ ਸੱਤਾ ਗੁਆਉਣ ਤੋਂ ਬਾਅਦ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੀ ਮੰਥਨ ਮੀਟਿੰਗ ਵਿੱਚ ਵੀ ਹਾਰੇ ਹੋਏ ਵਿਧਾਇਕਾਂ ਨੇ ਅੰਬਿਕਾ ਸੋਨੀ ਦੇ ਬਿਆਨ ਨੂੰ ਹੀ ਹਾਰ ਦਾ ਕਾਰਨ ਦੱਸਿਆ ਸੀ।
ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
ਅੰਬਿਕਾ ਸੋਨੀ ਦੇ ਇਸ ਬਿਆਨ ’ਤੇ ਗੈਰ-ਕਾਂਗਰਸੀ ਆਗੂਆਂ ਤੋਂ ਇਲਾਵਾ ਕਾਂਗਰਸੀ ਆਗੂਆਂ ’ਚੋਂ ਇਕ ਸੁਨੀਲ ਜਾਖੜ ਨੇ ਵੀ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਜਿਸ ਜਾਤੀਵਾਦ ਨੂੰ ਕਾਂਗਰਸੀ ਆਗੂ ਹਵਾ ਦੇ ਰਹੇ ਹਨ, ਉਹ ਕਾਂਗਰਸ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦਾ ਯੋਗਤਾ ਨੂੰ ਛੱਡ ਕੇ ਜਾਤੀਵਾਦ ਦੇ ਆਧਾਰ ’ਤੇ ਉਤਰਨਾ ਦੁੱਖ਼ ਦੀ ਗੱਲ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਸੀ ਕਿ ਜੇ ਅਜਿਹਾ ਹੈ ਤਾਂ ਡਾ: ਮਨਮੋਹਨ ਸਿੰਘ ਜੋ ਸਿਰਫ਼ ਦੋ ਫ਼ੀਸਦੀ ਸਿੱਖ ਆਬਾਦੀ ਦੀ ਪ੍ਰਤੀਨਿਧਤਾ ਕਰਦੇ ਹਨ, ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਕੀ ਮਤਲਬ ਸੀ?
ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਪੰਜਾਬ ਵਿੱਚ ਜੋਸ਼ ’ਚ ਹੈ। ਪਾਰਟੀ ਸੂਤਰਾਂ ਅਨੁਸਾਰ ਪਾਰਟੀ ਦਾ ਪਿਛਲੇ ਸਮੇਂ ਵਿੱਚ ਵੀ ਪੰਜਾਬ ਵਿੱਚ ਨਾਰਾਜ਼ ਕਾਂਗਰਸੀ ਆਗੂਆਂ ਨਾਲ ਸੰਪਰਕ ਬਣਿਆ ਹੋਇਆ ਸੀ ਪਰ ਸੁਨੀਲ ਜਾਖੜ ਦੇ ਭਾਜਪਾ ਵਿੱਚ ਆਉਣ ਤੋਂ ਬਾਅਦ ਨਾਰਾਜ਼ ਕਾਂਗਰਸੀ ਆਗੂਆਂ ਨਾਲ ਸੰਪਰਕ ਹੋਰ ਤੇਜ਼ ਹੋ ਗਿਆ ਹੈ। ਜਾਖੜ ਦਾ ਰੋਪੜ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂਆਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ, ਸਾਬਕਾ ਮੰਤਰੀਆਂ ਸਮੇਤ ਲੁਧਿਆਣਾ ਦੇ ਕਾਂਗਰਸੀ ਆਗੂਆਂ ਨਾਲ ਮੁੜ ਫ਼ੋਨ-ਸੰਪਰਕ ਸ਼ੁਰੂ ਹੋ ਗਿਆ ਹੈ। ਕੁਝ ਜ਼ਿਲ੍ਹਿਆਂ ਦੇ ਕਾਂਗਰਸ ਪ੍ਰਧਾਨ ਵੀ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ। ਮਾਨਸਾ ਦੇ ਕਾਂਗਰਸੀ ਆਗੂਆਂ ਨੇ ਵੀ ਦੋ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਭਾਜਪਾ ਆਗੂਆਂ ਨਾਲ ਸੰਪਰਕ ਕਾਇਮ ਕੀਤਾ ਸੀ। ਇਥੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂ ਰਾਣਾ ਸੋਢੀ ਦਾ ਬਿਆਨ ਵੀ ਧਿਆਨ ਦੇਣ ਯੋਗ ਹੈ ਕਿ 21 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ। ਇੱਥੇ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਹਲਕੇ ਅਬੋਹਰ ਵਿਚ ਸਿਆਸੀ ਮਿਜਾਜ਼ ਬਦਲ ਗਿਆ ਹੈ। ਅਬੋਹਰ ’ਚ ਜਾਖੜ ਪਰਿਵਾਰ ਨੂੰ ਕਾਂਗਰਸੀ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਵਾਹਨਾਂ ਤੇ ਘਰਾਂ ਤੋਂ ਕਾਂਗਰਸ ਦੇ ਝੰਡੇ ਉਤਾਰ ਦਿੱਤੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਦਰਿੰਦਗੀ ਦੀ ਘਟਨਾ, ਦਿਵਿਆਂਗ ਵਿਅਕਤੀ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਤੋੜ ਦਿੱਤੀ ਬਾਂਹ
ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਬੁੱਧੀਜੀਵੀ ਸੈੱਲ ਦੇ ਸਾਬਕਾ ਪ੍ਰਧਾਨ ਅਨੀਸ਼ ਸਿਡਾਨਾ ਨੇ ਕਿਹਾ ਕਿ ਆਗੂ ਕਾਂਗਰਸ ਦੀ ਨੀਤੀ ਸਪੱਸ਼ਟ ਨਾ ਹੋਣ ਅਤੇ ਸਨਮਾਨ ਦੀ ਘਾਟ ਕਾਰਨ ਕਾਂਗਰਸ ਛੱਡ ਰਹੇ ਹਨ ਜਦਕਿ ਭਾਜਪਾ ਵਿਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਰਕਰਾਂ ਅਤੇ ਹਰ ਆਗੂ ਦਾ ਧਿਆਨ ਰੱਖਦੀ ਹੈ, ਵਰਕਰਾਂ ਦੇ ਯੋਗ ਸਤਿਕਾਰ ਨੂੰ ਸਮਝਦੀ ਹੈ। ਸਿਡਾਨਾ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਿਰਫ਼ ਹਿੰਦੂ ਹੀ ਨਹੀਂ, ਪੰਜਾਬ ਦੇ ਕਈ ਸਿੱਖ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਣਗੇ। ਸੁਨੀਲ ਜਾਖੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਮੈਂ ਜਿਸ ਪਾਰਟੀ ਵਿਚ ਆਇਆ ਹਾਂ, ਉਸ ਦੀ ਭਲਾਈ ਬਾਰੇ ਸੋਚਣਾ ਪਵੇਗਾ। ਪੰਜਾਬ ਦੇ ਕਈ ਕਾਂਗਰਸੀ ਆਗੂਆਂ ਨੇ ਮੇਰੇ ਨਾਲ ਸੰਪਰਕ ਕਰਕੇ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ