ਹਿੰਦੂ ਜਥੇਬੰਦੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

Tuesday, Apr 17, 2018 - 04:49 AM (IST)

ਜ਼ੀਰਾ, (ਅਕਾਲੀਆਂਵਾਲਾ)— ਹਿੰਦੂ ਜਥੇਬੰਦੀਆਂ ਵੱਲੋਂ ਬੱਚੀ ਆਸੀਫਾ (8 ਸਾਲਾ) ਜੰਮੂ ਗੈਂਗਰੇਪ ਮਾਮਲੇ 'ਚ ਔਰਤਾਂ ਦੀ ਸੁਰੱਖਿਆ ਸਬੰਧੀ ਹੱਥਾਂ 'ਚ ਤਖਤੀਆਂ ਫੜ ਕੇ ਅਤੇ ਮੋਮਬੱਤੀਆਂ ਜਗਾ ਕੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਹਿੰਦੂ ਜਥੇਬੰਦੀਆਂ ਵੱਲੋਂ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਤੋਂ ਪ੍ਰਧਾਨ ਪ੍ਰਮੋਦ ਕੁਮਾਰ ਲੱਕੀ ਅਰੋੜਾ ਮਹਾਸਭਾ ਯੂਥ, ਪ੍ਰੇਮ ਗਰੋਵਰ ਸਰਪ੍ਰਸਤ ਬਜਰੰਗ ਭਵਨ, ਪਵਨ ਕੁਮਾਰ ਲੱਲੀ, ਅਸ਼ੋਕ ਕਥੂਰੀਆ ਕਾਂਗਰਸੀ ਆਗੂ ਨੇ ਰੋਸ ਮੁਜ਼ਾਹਰੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੋਂ ਇਲਾਵਾ ਕਿਸੇ ਵੀ ਦੇਸ਼ ਵਿਚ ਔਰਤਾਂ ਨਾਲ ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੀ ਸੁਰੱਖਿਆ ਅਤੇ ਸਮਾਜਕ ਮਾਮਲਿਆਂ ਸਬੰਧੀ ਅਸਫਲ ਸਾਬਤ ਹੋਏ ਹਨ। ਦਿੱਲੀ 'ਚ ਲੜਕੀ ਨਿਰਭਰਾ, ਬਿਹਾਰ 'ਚ ਭਾਜਪਾ ਵਿਧਾਇਕ ਗੈਂਗਰੇਪ ਅਤੇ ਹੁਣ ਜੰਮੂ ਕਸ਼ਮੀਰ 'ਚ ਅੱਠ ਸਾਲਾ ਆਸੀਫਾ ਗੈਂਗਰੇਪ ਮਾਮਲੇ ਔਰਤਾਂ ਦੀ ਸੁਰੱਖਿਆ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰ ਰਹੇ ਹਨ। ਜਬਰ-ਜ਼ਨਾਹ ਦੇ ਮਾਮਲਿਆਂ ਦੀਆਂ ਪੀੜਤ ਲੜਕੀਆਂ ਨੂੰ ਇਨਸਾਫ ਦੇਣ ਲਈ ਬਲਾਤਕਾਰੀਆਂ ਨੂੰ ਫਾਂਸੀ ਦੇਵੇ ਸਰਕਾਰ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਹੱਥਾਂ ਵਿਚ ਮੋਮਬੱਤੀਆਂ ਲੈ ਕੇ ਪੀੜਤ ਲੜਕੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆ ਹੱਥਾਂ ਵਿਚ ਫੜੀਆਂ ਤਖਤੀਆਂ ਰਾਹੀਂ ਬਲਾਤਕਾਰੀਆਂ ਨੂੰ ਫਾਂਸੀ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਵਿਜੇ ਸ਼ਰਮਾ ਬਜਰੰਗ ਭਵਨ, ਕੁਲਦੀਪ ਸ਼ਰਮਾ, ਹਰਪ੍ਰੀਤ ਸਿੰਘ ਬੱਬਲੂ, ਵਿਕਾਸ ਗਰੋਵਰ ਲਾਡੀ, ਵਿਨੋਦ ਸਚਦੇਵਾ, ਸੁਭਾਸ਼ ਚੁੱਘ, ਪੰਡਤ ਸ਼ਰਮਾ ਪ੍ਰਧਾਨ ਗਊ ਰੱਖਿਆ ਦਲ ਆਦਿ ਹਾਜ਼ਰ ਸਨ। 


Related News