ਜਲੰਧਰ: ਗਊਆਂ ਦੇ ਹੋ ਰਹੇ ਕਤਲਾਂ ਨੂੰ ਲੈ ਕੇ ਹਿੰਦੂ ਨੇਤਾ ਭੜਕੇ, ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
Monday, Mar 14, 2022 - 01:23 PM (IST)
ਜਲੰਧਰ (ਪੁਨੀਤ)- ਗਊਆਂ ਦੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਹਿੰਦੂ ਨੇਤਾ ਅੱਗ ਬਬੂਲੇ ਹੋਏ ਹਨ। ਉਨ੍ਹਾਂ ਨੇ ਪੰਜਾਬ ਬੰਦ ਦੀ ਚਿਤਾਵਨੀ ਦਿੰਦੇ ਹੋਏ ਦੋ ਟੁੱਕ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਮੁਲਜ਼ਮ ਗ੍ਰਿਫ਼ਤਾਰ ਨਾ ਹੋਏ ਤਾਂ ਉਨ੍ਹਾਂ ਕੋਲ ਬੰਦ ਦੀ ਕਾਲ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਬਾਕੀ ਨਹੀਂ ਰਹਿੰਦਾ। ਹਿੰਦੂ ਨੇਤਾਵਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਮੰਦਿਰਾਂ ਵਿਚ ਅਣਕਿਆਸੀਆਂ ਘਟਨਾਵਾਂ ਵਾਪਰੀਆਂ ਅਤੇ ਹੁਣ ਗਊਆਂ ਦੇ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਟਾਂਡੇ ਵਿੱਚ ਦਰਜਨਾਂ ਗਊਆਂ ਦਾ ਕਤਲ ਕੀਤਾ ਗਿਆ ਸੀ ਅਤੇ ਹੁਣ ਇਥੇ ਵਰਿਆਣਾ ਡੰਪ ਨੇੜੇ ਗਊ ਧਨ ਦੇ ਕੱਟੇ ਸਿਰ ਮਿਲਣਾ ਸਾਫ਼ ਜ਼ਾਹਰ ਕਰਦਾ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਾਰਾ ਹੈ। ਇਸ ਸਬੰਧ ਵਿਚ ਵੱਖ-ਵੱਖ ਹਿੰਦੂ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਮੁੱਖ ਅੰਸ਼ :-
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼
ਪਟਿਆਲਾ ਵਿਚ ਕੀਤਾ ਵਾਅਦਾ ਨਿਭਾਏ ਭਗਵੰਤ ਮਾਨ : ਨੰਨ੍ਹਾ
ਹਿੰਦੂ ਕ੍ਰਾਂਤੀ ਦਲ ਦੇ ਮਨੋਜ ਨੰਨ੍ਹਾ ਨੇ ਕਿਹਾ ਕਿ ਪਟਿਆਲਾ ਸਥਿਤ ਮਾਂ ਕਾਲੀ ਦੇ ਮੰਦਿਰ ਵਿਚ ਜਦੋਂ ਅਣਕਿਆਸੀ ਘਟਨਾ ਵਾਪਰੀ ਤਾਂ ਭਗਵੰਤ ਮਾਨ ਅਤੇ ਰਾਘਵ ਚੱਢਾ ਮੰਦਿਰ ਵਿਚ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਮੰਦਿਰ ਐਕਟ ਅਤੇ ਗਊ ਵੰਸ਼ ਦੀ ਰੱਖਿਆ ਲਈ ਕਿਹਾ ਗਿਆ ਸੀ। ਇਸ ਉਤੇ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ’ਤੇ ਮਾਮਲਾ ਹੱਲ ਕਰਾਂਗੇ। ਹੁਣ ਮਾਨ ਪਟਿਆਲੇ ਵਿੱਚ ਕੀਤਾ ਵਾਅਦਾ ਪੂਰਾ ਕਰੇ।
ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਸਹਿਣ ਨਹੀਂ ਹੋਵੇਗਾ : ਭਾਰਦਵਾਜ
ਅਖਿਲ ਭਾਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਚੇਅਰਮੈਨ ਕਪਿਲ ਭਾਰਦਵਾਜ ਨੇ ਕਿਹਾ ਕਿ ਵਾਰ ਵਾਰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਜੋ ਕਿ ਕਿਸੇ ਵੀ ਸੂਰਤ ਵਿਚ ਸਹਿਣ ਨਹੀਂ ਕੀਤਾ ਜਾਵੇਗਾ। ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ ਅਤੇ ਉਨ੍ਹਾਂ ਕੋਲੋਂ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਨੇ ਕਿਸ ਦੇ ਕਹਿਣ ਤੇ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ‘ਮੈਗਾ ਰੋਡ ਸ਼ੋਅ’ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖ਼ੀਆਂ ਵੱਡੀਆਂ ਗੱਲਾਂ
ਪੰਜਾਬ ਬੰਦ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ : ਰਿੰਕੂ
ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਸੀਨੀਅਰ ਉਪ ਪ੍ਰਮੁੱਖ ਰਾਜੇਸ਼ ਰਿੰਕੂ ਨੇ ਕਿਹਾ ਕਿ ਹਰ ਵਾਰ ਪੁਲਸ ਕੁਝ ਦਿਨਾਂ ਦਾ ਸਮਾਂ ਲੈ ਲੈਂਦੀ ਹੈ ਅਤੇ ਮਾਮਲਾ ਲਟਕਾ ਦਿੱਤਾ ਜਾਂਦਾ ਹੈ। ਇਸ ਵਾਰ ਉਹ ਚੁੱਪ ਨਹੀਂ ਬੈਠਣਗੇ ਅਤੇ ਤੁਰੰਤ ਪ੍ਰਭਾਵ ਨਾਲ ਮੁਲਜ਼ਮਾਂ ਨੂੰ ਨਾ ਫੜਨ 'ਤੇ ਪੰਜਾਬ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੈ।
ਸੋਮਵਾਰ ਬੁਲਾਈ ਸੂਬਾ ਪੱਧਰੀ ਮੀਟਿੰਗ : ਥਾਪਰ
ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਨੇ ਕਿਹਾ ਕਿ ਗਊ ਧਨ ਦੀ ਹੱਤਿਆ ਕਰਨ ਦਿ ਜਲੰਧਰ ਦਾ ਮਾਮਲਾ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਬੀ. ਐੱਮ. ਸੀ. ਚੌਂਕ ਨੇੜੇ ਪਾਰਟੀ ਦਫ਼ਤਰ ਵਿਚ ਬੁਲਾਈ ਗਈ ਹੈ ਇਸ ਵਿਚ ਹਿੰਦੂ ਲੀਡਰ ਵੀ ਬੁਲਾਏ ਜਾਣਗੇ ਅਤੇ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਹੂੰਝਾ ਫੇਰ ਜਿੱਤ ਮਗਰੋਂ ਗੁਰੂ ਨਗਰੀ ’ਚ ‘ਆਪ’ ਨੇ ਕੱਢਿਆ ‘ਵਿਕਟਰੀ ਮਾਰਚ’, ਉਮੜਿਆ ਜਨ ਸੈਲਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ