ਹਿੰਦੂ ਆਗੂ ਦੀ ਸੁਰੱਖਿਆ ਵਾਪਸ ਲੈਣ ਦਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦੈ ਖਾਮਿਆਜ਼ਾ

08/14/2020 12:23:15 PM

ਪਟਿਆਲਾ (ਰਾਜੇਸ਼) : ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੇ ਹਿੰਦੂਆਂ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਸ਼ਿਵ ਸੈਨਾ ਹਿੰਦੋਸਤਾਨ ਅਤੇ ਹਿੰਦੋਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਸੁਰੱਖਿਆ ਵਾਪਸ ਲੈਣ ਦਾ ਖਮਿਆਜ਼ਾ ਸੂਬੇ ਦੀ ਕਾਂਗਰਸ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ। ਗੁਪਤਾ ਦੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਕਿਸ ਪੱਧਰ ’ਤੇ ਹੋਇਆ, ਇਸ ਦੀ ਤਾਂ ਜਾਣਕਾਰੀ ਨਹੀਂ ਪਰ ਜਿਸ ਨੇ ਵੀ ਇਹ ਫ਼ੈਸਲਾ ਕੀਤਾ ਹੈ, ਉਹ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਿਤੈਸ਼ੀ ਕਿਹਾ ਜਾ ਸਕਦਾ ਹੈ।

ਪਵਨ ਗੁਪਤਾ ਦਾ ਪੰਜਾਬ ਦੇ ਹਿੰਦੂਆਂ ’ਚ ਵਿਆਪਕ ਜਨ ਆਧਾਰ ਹੈ। ਸ਼ਿਵ ਸੈਨਾ ਦੇ ਸਾਰੇ ਧੜਿਆਂ ’ਚੋਂ ਪਵਨ ਗੁਪਤਾ ਦੀ ਅਗਵਾਈ ਵਾਲੇ ਸੰਗਠਨ ਨੇ ਭਾਜਪਾ ਤੋਂ ਬਾਅਦ ਚੋਣ ਰਾਜਨੀਤੀ ’ਚ ਹਿੰਦੂ ਵੋਟ ਬੈਂਕ ਦਾ ਲੰਬੇ ਸਮੇਂ ਤੋਂ ਨਿਰਮਾਣ ਕੀਤਾ ਹੈ। 2002 ਵਾਲੀ ਕੈਪਟਨ ਸਰਕਾਰ ਸਮੇਂ ਜ਼ੋਰਦਾਰ ਆਵਾਜ਼ ਚੁੱਕਣ ਲਈ ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚੋਂ ਪ੍ਰਸਿੱਧ ਹਿੰਦੂ ਧਰਮ ਯੁੱਧ ਮੋਰਚੇ ਦੀ ਸਫ਼ਲ ਅਗਵਾਈ ਪਵਨ ਗੁਪਤਾ ਨੇ ਕੀਤੀ ਸੀ, ਜਿਸ ਦਾ ਪੰਜਾਬ ਦੇ ਹਿੰਦੂਆਂ ਸਮਰਥਨ ਕਰਦੇ ਹੋਏ ਇਸ ਲੜਾਈ ’ਚ ਆਪਣਾ ਯੋਗਦਾਨ ਦਿੱਤਾ, ਜਿਸ ਕਾਰਣ ਹਿੰਦੂ ਸਮਾਜ ਦਾ ਬਹੁਤ ਵੱਡਾ ਵੋਟ ਬੈਂਕ ਬਣ ਗਿਆ ਸੀ।

ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਨੇ ਮਤਾ ਪਾਸ ਕਰ ਕੇ 781 ਕਰੋੜ ਰੁਪਏ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਨੂੰ ਦੇਣ ਲਈ ਕੇਂਦਰ ਸਰਕਾਰ ਤੋਂ ਪੈਕੇਜ ਮੰਗਿਆ ਸੀ। ਇਸੇ ਮਤੇ ਕਾਰਣ ਸ਼ਿਵ ਸੈਨਾ ਹਿੰਦੋਸਤਾਨ ਦਾ ਜਨ ਆਧਾਰ ਪੰਜਾਬ ਦੇ ਹਿੰਦੂ ਸਮਾਜ ’ਚ ਵੱਧ ਗਿਆ ਸੀ। ਪਵਨ ਗੁਪਤਾ ਪੰਜਾਬ ਦੇ ਹਿੰਦੂਆਂ ਦੇ ਪੱਖ ’ਚ ਆਵਾਜ਼ ਚੁੱਕਣ ਵਾਲਾ ਇਕ ਮਜ਼ਬੂਤ ਚਿਹਰਾ ਹੈ, ਜੋ ਕਦੇ ਕਿਸੇ ਸਰਕਾਰ ਦੇ ਸਾਹਮਣੇ ਨਹੀਂ ਝੁਕੇ। ਖਾਲਿਸਤਾਨੀ ਅੱਤਵਾਦੀਆਂ ਖਿਲਾਫ਼ ਮਜ਼ਬੂਤੀ ਨਾਲ ਲਗਭਗ 30 ਸਾਲ ਤੋਂ ਲੜਦੇ ਆਏ ਹਨ। ਹਾਲ ਹੀ ’ਚ ਉਨ੍ਹਾਂ ਦੀ ਪਾਰਟੀ ਦੇ ਨੌਜਵਾਨ ਆਗੂ ਹਨੀ ਮਹਾਜਨ ’ਤੇ ਵੀ ਗੁਰਦਾਸਪੁਰ ਦੇ ਧਾਰੀਵਾਲ ’ਚ ਜਾਨਲੇਵਾ ਹਮਲਾ ਹੋਇਆ ਹੈ। ਇਸ ਤੋਂ ਬਾਅਦ ਵੀ ਪਵਨ ਗੁਪਤਾ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ ਦੀ ਸੁਰੱਖਿਆ ਵਾਪਸ ਲੈ ਲਈ ਗਈ, ਜੋ ਕਿ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।
ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਨੇ ਗੁਪਤਾ ਨਾਲ ਤਾਲਮੇਲ ਸ਼ੁਰੂ ਕੀਤਾ
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗੁਪਤਾ ਦੀ ਪੰਜਾਬ ਸਰਕਾਰ ਨਾਲ ਨਾਰਾਜ਼ਗੀ ਦਾ ਫਾਇਦਾ ਉਠਾਉਣ ਲਈ ਵੱਖ-ਵੱਖ ਸਿਆਸੀ ਦਲਾਂ ਦੇ ਵੱਡੇ ਆਗੂਆਂ ਨੇ ਵਿਸ਼ੇਸ਼ ਕਰ ਕੇ ਦਿੱਲੀ ’ਚ ਆਰ. ਐੱਸ. ਐੱਸ. ਅਤੇ ਭਾਜਪਾ ਨੇ ਪਵਨ ਗੁਪਤਾ ਨਾਲ ਹੁਣੇ ਤੋਂ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਦਿਲਚਸਪ ਸਥਿਤੀ ਇਹ ਬਣ ਗਈ ਹੈ ਕਿ ਜਿੱਥੇ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰ ਕੇ ਕਾਂਗਰਸ ਖਿਲਾਫ ਝੰਡਾ ਚੁੱਕੀ ਬੈਠੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਦੀ ਅਫਸਰਸ਼ਾਹੀ ਨੇ ਪਵਨ ਗੁਪਤਾ ਵਰਗੇ ਰਾਸ਼ਟਰਵਾਦੀ ਹਿੰਦੂ ਨੇਤਾ ਖਿਲਾਫ਼ ਸੁਰੱਖਿਆ ਨੂੰ ਘੱਟ ਕਰ ਕੇ ਪੰਜਾਬ ਦੇ ਹਿੰਦੂਆਂ ਦੀ ਨਾਰਾਜ਼ਗੀ ਨੂੰ ਮੋਲ ਲੈ ਲਿਆ ਹੈ।
 


Babita

Content Editor

Related News