ਹਿਮਾਂਸ਼ੁ ਦਾਨੀਆ ਦੇ ਕਤਲ ਦੀ ਗੁੱਥੀ ਸੁਲਝੀ, ਕਾਤਲ ਗ੍ਰਿਫਤਾਰ

08/04/2018 10:39:06 AM

ਬਰਨਾਲਾ(ਸਿੰਧਵਾਨੀ, ਰਵੀ)— ਬਰਨਾਲਾ ਪੁਲਸ ਨੇ ਆਖਿਰ ਸ਼ਰਾਬ ਠੇਕੇਦਾਰ ਹਿਮਾਂਸ਼ੂ ਦਾਨੀਆ ਦੇ ਕਤਲ ਕੇਸ ਨੂੰ ਟਰੇਸ ਕਰ ਹੀ ਲਿਆ। ਦਾਨੀਆ ਦਾ ਕਤਲ ਕਰਨ ਵਾਲੇ ਠੇਕੇ ਦੇ ਪੁਰਾਣੇ ਕਰਿੰਦੇ ਨਿਕਲੇ, ਜਿਨ੍ਹਾਂ ਵਿਚੋਂ ਇਕ ਦਾ ਸਬੰਧ ਗੈਂਗਸਟਰਾਂ ਨਾਲ ਵੀ ਦੱਸਿਆ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਸੁਖਪਾਲ ਸਿੰਘ ਪੁੱਤਰ ਦਲ ਸਿੰਘ ਵਾਸੀ ਧਨੌਲਾ ਅਤੇ ਕਰਮਜੀਤ ਸਿੰਘ ਉਰਫ ਕਰਮਾ ਪੁੱਤਰ ਹਰਬੰਸ ਸਿੰਘ ਵਾਸੀ ਧਨੌਲਾ ਨੇ ਰਲ-ਮਿਲ ਕੇ 5 ਜੁਲਾਈ ਨੂੰ ਹਿਮਾਂਸ਼ੂ ਦਾਨੀਆ ਦਾ ਕਤਲ ਕਰ ਕੇ 5 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਲੁੱਟੇ ਗਏ 1 ਲੱਖ 20 ਹਜ਼ਾਰ ਰੁਪਏ, ਇਕ 32 ਬੋਰ ਦੀ ਦੇਸੀ ਰਿਵਾਲਵਰ, ਤਿੰਨ ਜ਼ਿੰਦਾ ਕਾਰਤੂਸ, ਇਕ ਖੋਲ (ਕਾਰਤੂਸ), ਘਟਨਾ 'ਚ ਵਰਤਿਆਂ ਮੋਟਰਸਾਈਕਲ ਬਰਾਮਦ ਕੀਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਕੇਸ ਦੀ ਬਾਰੀਕੀ ਨਾਲ ਛਾਣਬੀਤ ਕਰਨ ਲਈ ਐਸ.ਪੀ.ਡੀ. ਸੁਖਦੇਵ ਸਿੰਘ ਵਿਰਕ ਦੀ ਅਗਵਾਈ ਹੇਠ ਰਾਜੇਸ਼ ਕੁਮਾਰ ਛਿੱਬਰ ਡੀ.ਐਸ.ਪੀ., ਥਾਣੇਦਾਰ ਬਲਜੀਤ ਸਿੰਘ ਇੰਚਾਰਜ ਸੀ.ਆਈ. ਅਤੇ ਮੁੱਖ ਅਫਸਰ ਥਾਣਾ ਸਿਟੀ ਗੁਰਵੀਰ ਸਿੰਘ ਦੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਪੁਲਸ ਕਰੀਬ ਇਕ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਕਾਤਲਾਂ ਤੱਕ ਪੁੱਜਣ ਵਿਚ ਸਫਲ ਹੋਈ ਹੈ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਕੱਲ ਹੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਪੁਲਸ ਹਿਮਾਂਸ਼ੂ ਦਾਨੀਆ ਦੇ ਕਾਤਲਾਂ ਤੱਕ ਪਹੁੰਚ ਗਈ ਹੈ ਅਤੇ ਜਲਦੀ ਹੀ ਇਸ ਗੱਲ ਦਾ ਖੁਲਾਸਾ ਕਰ ਸਕਦੀ ਹੈ।


Related News