ਮੌੜ ਮੰਡੀ ਦੇ ਹਿਮਾਂਸ਼ੂ ਗਰਗ ਨੇ ਸਿਵਲ ਸੇਵਾਵਾਂ ਪ੍ਰੀਖਿਆ ''ਚੋਂ 348ਵਾਂ ਰੈਂਕ ਹਾਸਲ ਕੀਤਾ

04/30/2018 6:04:49 AM

ਮੌੜ ਮੰਡੀ, (ਪ੍ਰਵੀਨ)- ਸੱਤਪਾਲ ਗਰਗ ਅਤੇ ਕਾਂਤਾ ਰਾਣੀ ਦੇ ਪੋਤਰੇ ਹਿਮਾਂਸ਼ੂ ਗਰਗ ਨੇ ਭਾਰਤੀ ਸਿਵਲ ਸੇਵਾਵਾਂ-2017 ਦੀ ਪ੍ਰੀਖਿਆ 'ਚ 348ਵਾਂ ਰੈਂਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਅਤੇ ਮੌੜ ਮੰਡੀ ਦਾ ਨਾਂ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਜੋ ਕਿ ਆਈ. ਆਰ. ਐੱਸ. ਅਧਿਕਾਰੀ ਵਜੋਂ ਚੁਣਿਆ ਗਿਆ ਹੈ।
ਹਿਮਾਂਸ਼ੂ ਗਰਗ ਦੇ ਪਿਤਾ ਕੈਲਾਸ਼ ਗਰਗ ਚੰਡੀਗੜ੍ਹ ਵਿਖੇ ਹਾਊਸਿੰਗ ਬੋਰਡ ਵਿਚ ਬਤੌਰ ਸਿਵਲ ਇੰਜੀਨੀਅਰ ਅਤੇ ਮਾਤਾ ਅੰਜੂ ਗਰਗ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਸੇਵਾਵਾਂ ਨਿਭਾਅ ਰਹੇ ਹਨ। ਹਿਮਾਂਸ਼ੂ ਗਰਗ ਬਚਪਨ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਰਿਹਾ ਹੈ ਅਤੇ ਸਕੂਲੀ ਪ੍ਰੀਖਿਆਵਾਂ ਦੌਰਾਨ ਹਮੇਸ਼ਾ ਹੀ 95 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਹਿਮਾਂਸ਼ੂ ਗਰਗ ਦੀ ਇਸ ਪ੍ਰਾਪਤੀ 'ਤੇ ਮੌੜ ਮੰਡੀ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਇਹ ਹੋਣਹਾਰ ਲੜਕਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰ ਕੇ ਇਲਾਕੇ ਦਾ ਨਾਂ ਸੰਸਾਰ ਭਰ 'ਚ ਰੌਸ਼ਨ ਕਰੇਗਾ। 
ਹਿਮਾਸ਼ੂ ਗਰਗ ਨੇ ਕਿਹਾ ਕਿ ਉਸ ਦਾ ਮੁੱਖ ਨਿਸ਼ਾਨਾ ਆਈ. ਏ. ਐੱਸ. ਅਫ਼ਸਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। ਇਸ ਪ੍ਰਾਪਤੀ ਲਈ ਉਹ ਫਿਰ ਤੋਂ ਮਿਹਨਤ ਕਰੇਗਾ ਅਤੇ ਵਧੀਆ ਰੈਂਕ ਪ੍ਰਾਪਤ ਕਰ ਕੇ ਆਪਣਾ ਸੁਪਨਾ ਸਾਕਾਰ ਕਰੇਗਾ। 


Related News