ਹਿਮਾਂਸ਼ੀ ਖੁਰਾਣਾ ਨੇ ਕੀਤੀ ਕੰਗਨਾ ਰਣੌਤ ਦੀ ਬੋਲਤੀ ਬੰਦ, ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਆਖੀ ਵੱਡੀ ਗੱਲ
Friday, Feb 05, 2021 - 02:17 PM (IST)
ਮੁੰਬਈ (ਬਿਊਰੋ)– ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਾਲ ਹੀ ’ਚ ਅਮਰੀਕੀ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ’ਚ ਇਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਰਿਹਾਨਾ ’ਤੇ ਹਮਲਾ ਬੋਲਦਿਆਂ ਧਰਨਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਤਕ ਕਹਿ ਦਿੱਤਾ ਸੀ।
ਸੋਸ਼ਲ ਮੀਡੀਆ ’ਤੇ ਉਹ ਵਾਰ-ਵਾਰ ਕਹਿੰਦੀ ਰਹੀ ਕਿ ਜੋ ਲੋਕ ਪ੍ਰਦਰਸ਼ਨ ਕਰ ਰਹੇ ਸਨ, ਉਹ ਕਿਸਾਨ ਨਹੀਂ ਅੱਤਵਾਦੀ ਹਨ। ਕਿਸਾਨਾਂ ਤੇ ਪੰਜਾਬੀਆਂ ਨੂੰ ਇੰਝ ਅੱਤਵਾਦੀ ਕਹੇ ਜਾਣ ਨਾਲ ਹਿਮਾਂਸ਼ੀ ਖੁਰਾਣਾ ਭੜਕ ਗਈ ਹੈ ਤੇ ਉਸ ਨੇ ਕੰਗਨਾ ਰਣੌਤ ਨੂੰ ਕਰਾਰਾ ਜਵਾਬ ਦਿੱਤਾ ਹੈ।
ਇਕ ਬਿਆਨ ’ਚ ਹਿਮਾਂਸ਼ੀ ਨੇ ਕਿਹਾ, ‘ਇਹ ਜੋ ਵਾਰ-ਵਾਰ ਪੰਜਾਬੀਆਂ ਨੂੰ ਅੱਤਵਾਦੀ-ਅੱਤਵਾਦੀ ਬੋਲ ਰਹੇ ਹਨ, ਇਸ ਦੀ ਗੂੰਜ ਕਿਥੋਂ ਤਕ ਜਾਵੇਗੀ ਕਦੇ ਸੋਚਿਆ ਹੈ? ਪੂਰੀ ਦੁਨੀਆ ਸਾਨੂੰ ਇਕ ਨਜ਼ਰ ਨਾਲ ਦੇਖੇਗੀ। ਸਾਡੀ ਨਵੀਂ ਪੀੜ੍ਹੀ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਇਹ ਕਿਉਂ ਨਹੀਂ ਸੋਚਦੇ? ਆਪਣੇ ਮਤਲਬ ਲਈ ਇਕ ਭਾਈਚਾਰੇ ’ਤੇ ਸਵਾਲੀਆ ਨਿਸ਼ਾਨ ਲਗਾ ਦਿਓ? ਕਿਉਂ?’
Freedom of speech hme bhi hai.......... par pta nahi kyu insta Twitter violation unpe kyu nahi laagu hoti ........ye to wahi baat ho gyi maa baap apki problem na sune ulta rishtedaro ke sahmne apko or down kre .... pic.twitter.com/qmfDeVkGfS
— Himanshi khurana (@realhimanshi) February 4, 2021
ਹਿਮਾਂਸ਼ੀ ਨੇ ਅੱਗੇ ਲਿਖਿਆ, ‘ਭਾਰਤ ਸਾਡਾ ਵੀ ਹੈ ਤੇ ਹਮੇਸ਼ਾ ਖੜ੍ਹੇ ਰਹੇ ਹਾਂ ਪਰ ਵੰਡ ਤਾਂ ਪਹਿਲਾਂ ਤੁਸੀਂ ਲੋਕਾਂ ਨੇ ਸ਼ੁਰੂ ਕੀਤੀ। ਚਲੋ ਮੰਨ ਲਓ ਪੂਰੇ ਭਾਰਤ ’ਚੋਂ ਇਕ ਸੂਬਾ ਬਿੱਲ ਨੂੰ ਲੈ ਕੇ ਰਾਜ਼ੀ ਨਹੀਂ ਹੈ ਤਾਂ ਕੀ ਅਸੀਂ ਨਾ ਬੋਲੀਏ?’
ਇਸ ਬਿਆਨ ਨੂੰ ਹਿਮਾਂਸ਼ੀ ਨੇ ਆਪਣੇ ਟਵਿਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਹਿਮਾਂਸ਼ੀ ਨੇ ਇੰਸਟਾਗ੍ਰਾਮ ’ਤੇ ਵੀ ਇਕ ਬਿਆਨ ਜਾਰੀ ਕੀਤਾ ਹੈ। ਉਸ ਨੇ ਲਿਖਿਆ, ‘ਮੈਂ ਉਨ੍ਹਾਂ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਚਲੋ ਬਾਹਰ ਦੇ ਲੋਕ ਨਾ ਦਖਲ ਦੇਣ ਪਰ ਜਦੋਂ ਖੁਦ ਦੇ ਹੀ ਮੰਨੇ-ਪ੍ਰਮੰਨੇ ਸਿਤਾਰੇ ਭਾਰਤ ਦੀ ਵੰਡ ਕਰ ਰਹੇ ਹਨ ਅੱਤਵਾਦੀ ਬੋਲ ਕੇ, ਉਦੋਂ ਕਿਉਂ ਨਹੀਂ ਦਿਖਾਈ ਦਿੱਤਾ? ਸਾਨੂੰ ਅੱਤਵਾਦੀ ਕਹਿ ਕੇ ਇਹ ਤਾਂ ਭਾਰਤੀ ਸੁਰੱਖਿਆ ਦਾ ਵੀ ਮਜ਼ਾਕ ਬਣਾ ਰਹੇ ਹਨ ਕਿ ਇੰਨੇ ਅੱਤਵਾਦੀ ਮੌਜੂਦ ਕਿਵੇਂ ਹਨ ਭਾਰਤ ’ਚ... ਵਾਹ ਲਾਜਿਕ ਦੇਖੋ ਇਨ੍ਹਾਂ ਦੇ। ਚਲੋ ਕਰੋ ਭਾਰਤ ਨੂੰ ਇਕ, ਹਰ ਇਕ ਭਾਈਚਾਰੇ ਨੂੰ ਇੱਜ਼ਤ ਦਿਓ ਪਹਿਲਾਂ।’
ਦੱਸਣਯੋਗ ਹੈ ਕਿ ਹਿਮਾਂਸ਼ੀ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਤੇ ਕਿਸਾਨਾਂ ਦੇ ਸਮਰਥਨ ’ਚ ਖੜ੍ਹੀ ਰਹੀ ਹੈ। ਕੁਝ ਸਮਾਂ ਪਹਿਲਾਂ ਜਦੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਰੱਖੀ ਸੀ, ਉਦੋਂ ਵੀ ਹਿਮਾਂਸ਼ੀ ਖੁਰਾਣਾ ਨੇ ਉਸ ਨੂੰ ਨਿਸ਼ਾਨੇ ’ਤੇ ਲਿਆ ਸੀ।
ਨੋਟ– ਹਿਮਾਂਸ਼ੀ ਖੁਰਾਣਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।