ਸਤਲੁਜ ਤੇ ਸਵਾਂ ਨਦੀ ''ਚ ਹੜ੍ਹ ਨੇ ਪਿੰਡਾਂ  ''ਚ ਮਚਾਈ ਤਬਾਹੀ

Saturday, Aug 03, 2019 - 12:49 PM (IST)

ਸਤਲੁਜ ਤੇ ਸਵਾਂ ਨਦੀ ''ਚ ਹੜ੍ਹ ਨੇ ਪਿੰਡਾਂ  ''ਚ ਮਚਾਈ ਤਬਾਹੀ

ਅਨੰਦਪੁਰ ਸਾਹਿਬ (ਚੋਵੇਸ਼ ਲਤਾਵਾ)—ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ 'ਚ ਬੀਤੀ ਰਾਤ ਪਈ ਭਾਰੀ ਮੀਂਹ ਕਾਰਨ ਸਤਲੁਜ ਤੇ ਸਵਾਂ ਨਦੀ 'ਚ ਹੜ੍ਹ ਆ ਗਿਆ ਹੈ।ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨੂੰ ਆਉਂਦੀ ਸਤਲੁਜ ਤੇ ਸਵਾਂ ਨਦੀ ਦੇ ਪਾਣੀ ਕਾਰਨ ਸਤਲੁਜ ਕਿਨਾਰੇ ਸਥਿਤ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਅੱਜ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਦਰਜਨਾਂ ਪਿੰਡਾਂ 'ਚ ਦਰਿਆਵਾਂ ਦੇ ਪਾਣੀ ਨੇ ਸੈਂਕੜੇ ਏਕੜ ਮੱਕੀ ਤੇ ਝੋਨੇ ਦੀ ਫਸਲ ਨੂੰ ਪਾਣੀ 'ਚ ਡਬੋ ਦਿੱਤਾ ਹੈ। ਤਸਵੀਰਾਂ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਦੀਆਂ ਹਨ, ਜਿੱਥੇ ਸਵਾਂ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਨਾ ਤਾਂ ਕੋਈ ਸੜਕ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਕੋਈ ਰਾਹ। ਬਸ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਜਾਨ 'ਤੇ ਖੇਡ ਕੇ ਪਾਣੀ 'ਚੋਂ ਲੰਘਣਾ ਪੈ ਰਿਹਾ ਹੈ। 

PunjabKesari

ਦੱਸ ਦੇਈਏ ਕਿ ਜਿੱਥੇ ਹੜ੍ਹ ਦੇ ਪਾਣੀ ਨਾਲ ਖੇਤ ਪੂਰੀ ਤਰ੍ਹਾਂ ਡੁੱਬੇ ਪਏ ਹਨ, ਉੱਥੇ ਹੀ ਘਰਾਂ ਤੱਕ ਵੀ ਪਾਣੀ ਮਾਰ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਗਿਲ੍ਹਾ ਕਰਦਿਆਂ ਕਿਹਾ ਕਿ ਲਗਭਗ ਹਰ ਸਾਲ ਹੀ ਇਥੇ ਹੜ੍ਹ ਆ ਜਾਂਦੇ ਹਨ ਪਰ ਸਰਕਾਰਾਂ ਨੇ ਕਦੇ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਤੋਂ ਇਲਾਵਾ ਭਾਖੜਾ ਬੰਨ੍ਹ ਤੋਂ ਵੀ ਪਾਣੀ ਛੱਡੇ ਜਾਣ ਕਰਕੇ ਇਹ ਹਾਲਾਤ ਬਣੇ ਹਨ। ਹੜ੍ਹਾਂ ਸਬੰਧੀ ਪਿੰਡ ਵਾਸੀਆਂ ਨੂੰ ਮੁਨਿਆਦੀ ਕਰਵਾ ਕੇ ਜਾਣੂ ਕਰਵਾ ਦਿੱਤਾ ਗਿਆ ਹੈ। ਬਾਕੀ ਪਾਣੀ ਉਤਰਣ ਤੋਂ ਬਾਅਦ ਗਿਰਦਾਵਰੀ ਕਰ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਹੋਰ ਤਾਂ ਹੋਰ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਇਆ ਬੁਰਜ ਜਾਂਦਾ ਰਸਤਾ ਵੀ ਡੁੱਬਿਆ ਹੋਣ ਕਰਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਮੀਂਹ ਦੇ ਇਹੀ ਹਾਲਾਤ ਰਹੇ ਤੇ ਭਾਖੜਾ ਤੋਂ ਹੋਰ ਪਾਣੀ ਛੱਡਿਆ ਗਿਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।


author

Shyna

Content Editor

Related News