ਖੁਫੀਆ ਇਨਪੁਟ ਮਗਰੋਂ ਹਿਮਾਚਲ ਤੇ ਪੰਜਾਬ ਪੁਲਸ ਨੇ ਫਰੋਲੇ ਜੰਗਲ

10/11/2019 12:27:13 AM

ਪਠਾਨਕੋਟ, ਨੰਗਲਭੂਰ, (ਆਦਿਤਿਆ, ਸ਼ਾਰਦਾ)-ਖੁਫੀਆ ਏਜੰਸੀਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਵਾਰ-ਵਾਰ ਇਨਪੁੱਟ ਜਾਰੀ ਕੀਤੇ ਜਾ ਰਹੇ ਹਨ ਕਿ ਪਾਕਿਸਥਾਨ ਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਇਕ ਵਾਰ ਫਿਰ ਪਠਾਨਕੋਟ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ’ਚ ਹੈ। ਉਹ ਪੰਜਾਬ ਦੇ ਨਾਲ ਲਗਦੀ ਸਰਹੱਦ ਰਾਹੀਂ ਅੱਤਵਾਦੀਆਂ ਨੂੰ ਪੰਜਾਬ ’ਚ ਦਖਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਬਾ ਤੇ ਕੇਂਦਰ ਸਰਕਾਰ ਵੱਲੋਂ ਹਾਈ ਅਲਰਟ ਦੇ ਕਾਰਨ ਜ਼ਿਲਾ ਪਠਾਨਕੋਟ ਨੂੰ ਪੂਰੀ ਤਰ੍ਹਾਂ ਨਾਲ ਹਾਈ ਅਲਰਟ ਐਲਾਨ ਕੀਤਾ ਗਿਆ ਹੈ। ਪੁਲਸ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਨਾਲ ਸਰਗਰਮ ਰਹਿਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅੱਜ ਜ਼ਿਲਾ ਪਠਾਨਕੋਟ ਤੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਸਾਂਝੇ ਤੌਰ ’ਤੇ ਕਮਾਂਡੋ ਨਾਲ ਮਿਲ ਕੇ ਪਠਾਨਕੋਟ ਸੀਮਾ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਅਤੇ ਸੁੰਨਸਾਨ ਰਸਤਿਆਂ ’ਤੇ ਸਰਚ ਆਪ੍ਰੇਸ਼ਨ ਚਲਾ ਕੇ ਉਸ ਨੂੰ ਡੂੰਘਾਈ ਨਾਲ ਜਾਂਚਿਆ। ਇਸ ਦੇ ਇਲਾਵਾ ਦੋਵਾਂ ਸੂਬਿਆਂ ਦੀ ਪੁਲਸ ਤੇ ਕਮਾਂਡੋ ਨੇ ਵੱਖ-ਵੱਖ ਘਰਾਂ ਵਿਚ ਵੀ ਸਰਚ ਆਪ੍ਰੇਸ਼ਨ ਚਲਾਉਂਦੇ ਹੋਏ ਗਹਿਰਾਈ ਨਾਲ ਜਾਂਚ-ਪੜਤਾਲ ਕੀਤੀ ਅਤੇ ਸੁੰਨਸਾਨ ਰਸਤਿਆਂ ਤੋਂ ਆਉਣ-ਜਾਣ ਵਾਲੇ ਦੋਪਹੀਆ ਅਤੇ ਚੌਪਹੀਆ ਵਾਹਨਾਂ ਦੇ ਨਾਲ-ਨਾਲ ਪੈਦਲ ਲੋਕਾਂ ਦੀ ਵੀ ਚੈਕਿੰਗ ਕਰਦੇ ਹੋਏ ਉਨ੍ਹਾਂ ਦੇ ਆਈ.ਡੀ ਪਰੂਫ ਵੀ ਚੈੱਕ ਕੀਤੇ। ਉਕਤ ਸਰਚ ਆਪ੍ਰੇਸ਼ਨ ਵਿਚ ਪਠਾਨਕੋਟ ਸਿਟੀ ਡੀ.ਐੱਸ.ਪੀ. ਰਾਜਿੰਦਰ ਮਿਨਹਾਸ ਅਤੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਡੀ.ਐੱਸ.ਪੀ. ਵੀ ਮੌਜੂਦ ਸਨ।

ਡੀ. ਐੱਸ. ਪੀ. ਰਾਜਿੰਦਰ ਸਿੰਘ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਤੋਂ ਮਿਲ ਰਹੇ ਇਨਪੁੱਟ ਅਤੇ ਤਿਉਹਾਰਾਂ ਕਾਰਣ ਮਿਲੇ ਅਲਰਟ ਨੂੰ ਵੇਖਦੇ ਹੋਏ ਅੱਜ ਉਨ੍ਹਾਂ ਵੱਲੋਂ ਹਿਮਾਚਲ ਪ੍ਰਦੇਸ਼ ਪੁਲਸ ਨਾਲ ਮਿਲ ਕੇ ਪਠਾਨਕੋਟ ਸੀਮਾ ਨਾਲ ਲਗਦੇ ਜੰਗਲਾਂ, ਘਰਾਂ ਅਤੇ ਹੋਰ ਸਥਾਨਾਂ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ ਤਾਂ ਕਿ ਸਾਲ-2016 ਵਿਚ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਦਾ ਸੰਤਾਪ ਝੱਲ ਰਹੇ ਜ਼ਿਲੇ ਦੇ ਲੋਕ ਫਿਰ ਤੋਂ ਕਿਸੇ ਪ੍ਰਕਾਰ ਦੀ ਅਣਹੋਣੀ ਘਟਨਾ ਦਾ ਦੁਬਾਰਾ ਸ਼ਿਕਾਰ ਨਾ ਹੋ ਸਕਣ।

 


Arun chopra

Content Editor

Related News