214 ਦਿਨਾਂ ਬਾਅਦ ਹਿਮਾਚਲ ਤੇ ਪੰਜਾਬ ਦਰਮਿਆਨ ਇੰਟਰ-ਸਟੇਟ ਬੱਸ ਸੇਵਾ ਸ਼ੁਰੂ
Wednesday, Oct 14, 2020 - 11:45 PM (IST)
ਹੁਸ਼ਿਆਰਪੁਰ,(ਅਮਰਿੰਦਰ)-22 ਮਾਰਚ ਨੂੰ ਲੱਗੇ ਕਰਫਿਊ ਦੇ ਬਾਅਦ ਕੋਰੋਨਾ ਮਹਾਮਾਰੀ ਕਾਰਣ ਬੰਦ ਪਈ ਇੰਟਰ-ਸਟੇਟ ਬੱਸ ਸੇਵਾ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ 214 ਦਿਨਾਂ ਬਾਅਦ ਰਾਹਤ ਦਿੰਦੇ ਹੋਏ ਬੁੱਧਵਾਰ ਤੋਂ ਚਲਾਉਣ ਦੀ ਆਗਿਆ ਦੇ ਦਿੱਤੀ। ਪਹਿਲੇ ਪੜਾਅ ਵਿਚ ਹਿਮਾਚਲ ਪ੍ਰਦੇਸ਼ ਟ੍ਰਾਂਸਪੋਰਟ ਨਿਗਮ ਨੇ 25 ਰੂਟਾਂ 'ਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਸਾਰੇ ਰੂਟਾਂ 'ਤੇ ਨਾਨ ਏ. ਸੀ. ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ।
ਬੱਸ ਵਿਚ ਖੜ੍ਹੇ ਹੋ ਕੇ ਸਫਰ ਕਰਨ ਦੀਆਂ ਨਹੀਂ ਇਜਾਜ਼ਤ
ਹਿਮਾਚਲ ਪ੍ਰਦੇਸ਼ ਲਈ ਬੱਸਾਂ ਚੱਲਣ ਨਾਲ ਜਿੱਥੇ ਇਕ ਪਾਸੇ ਹਿਮਾਚਲ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਉਥੇ ਹੀ ਭਗਤਾਂ ਲਈ ਵੀ ਦੇਵ ਭੂਮੀ ਦੇ ਮੰਦਰਾਂ ਵਿਚ ਦਰਸ਼ਨ ਲਈ ਜਾਣਾ ਆਸਾਨ ਹੋਵੇਗਾ। ਬੱਸਾਂ ਵਿਚ ਜਾਣ ਵਾਲੇ ਮੁਸਾਫਰਾਂ ਦੀ ਥਰਮਲ ਸਕੈਨਿੰਗ ਹੋਵੇਗੀ ਅਤੇ ਮੁਸਾਫਰਾਂ ਨੂੰ ਬੱਸ ਵਿਚ ਖੜ੍ਹੇ ਹੋ ਕੇ ਸਫਰ ਕਰਨ ਦੀ ਆਗਿਆ ਨਹੀਂ ਹੋਵੇਗੀ।
ਹਿਮਾਚਲ ਜਾਣ ਵਾਲੇ ਮੁਸਾਫਰਾਂ ਨੂੰ ਕਰਨਾ ਹੋਵੇਗਾ ਕੋਰੋਨਾ ਦੇ ਨਿਯਮਾਂ ਦਾ ਪਾਲਣ
ਹਿਮਾਚਲ ਪ੍ਰਦੇਸ਼ ਟ੍ਰਾਂਸਪੋਰਟ ਨਿਗਮ ਵੱਲੋਂ ਜਾਰੀ ਸੂਚਨਾ ਅਨੁਸਾਰ ਹਰ ਬੱਸ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਲਈ ਬੱਸਾਂ ਨੂੰ ਆਉਂਦੇ-ਜਾਂਦੇ ਸਮੇਂ ਸੈਨੇਟਾਈਜ਼ ਕਰਵਾਉਣਾ, ਸਟਾਫ ਨੂੰ ਮਾਸਕ ਸ਼ੀਟ, ਦਸਤਾਨੇ, ਮਾਸਕ ਆਦਿ ਜ਼ਰੂਰਤ ਮੁਤਾਬਕ ਉਪਲੱਬਧ ਕਰਵਾਉਣਾ ਲਾਜ਼ਮੀ ਹੋਵੇਗਾ।।
ਰੋਡਵੇਜ਼ ਨੂੰ ਹੈ ਦੂਜੇ ਰਾਜਾਂ ਵੱਲੋਂ ਪ੍ਰਵਾਨਗੀ ਮਿਲਣ ਦਾ ਇੰਤਜ਼ਾਰ : ਜੀ. ਐੱਮ. ਬੱਗਾ
ਸੰਪਰਕ ਕਰਨ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵੱਲੋਂ ਇੰਟਰ-ਸਟੇਟ ਬੱਸ ਸੇਵਾ ਸ਼ੁਰੂ ਕਰਨ ਦੀ ਆਗਿਆ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ। ਅੱਜ ਚਿੰਤਪੂਰਣੀ ਅਤੇ ਹੋਰ ਸਥਾਨਾਂ ਲਈ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਦੇ ਹੋਰ ਡਿਪੂਆਂ ਵੱਲੋਂ ਵੀ ਬੱਸਾਂ ਚਲਾ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਰਾਜਸਥਾਨ ਦੀਆਂ ਬੱਸਾਂ ਨੂੰ ਪੰਜਾਬ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਉਥੇ ਹੀ ਇਨ੍ਹਾਂ ਰਾਜ ਸਰਕਾਰਾਂ ਨੂੰ ਪੰਜਾਬ ਦੀਆਂ ਬੱਸਾਂ ਦੇ ਦਾਖਲੇ ਲਈ ਵੀ ਪੱਤਰ ਲਿਖਿਆ ਗਿਆ ਹੈ।