ਈਰਾਨ ’ਚ ਹਿਜਾਬ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅੱਗੇ ਸਰਕਾਰ ਨੇ ਟੇਕੇ ਗੋਡੇ

Monday, Dec 05, 2022 - 01:03 PM (IST)

ਜਲੰਧਰ (ਇੰਟਰਨੈਸ਼ਨਲ ਡੈਸਕ)- ਈਰਾਨ ਸਰਕਾਰ ਨੇ ਹਿਜਾਬ ਕਾਨੂੰਨ ਖ਼ਿਲਾਫ਼ ਸੜਕਾਂ ’ਤੇ ਉਤਰੀ ਜਨਤਾ ਦੇ ਗੁੱਸੇ ਦੇ ਸਾਹਮਣੇ ਆਖਿਰਕਾਰ ਗੋਡੇ ਟੇਕ ਹੀ ਦਿੱਤੇ। ਈਰਾਨ ਦੇ ਅਟਾਰਨੀ ਜਨਰਲ ਮੁਹੰਮਦ ਜ਼ਫਰ ਮੋਂਟੇਜ਼ੇਰੀ ਨੇ ਕਿਹਾ ਹੈ ਕਿ ਸੰਸਦ ਅਤੇ ਨਿਆਪਾਲਿਕਾ ਦੋਵੇਂ ਇਸ ਮੁੱਦੇ ’ਤੇ ਕੰਮ ਕਰ ਰਹੇ ਹਨ ਕਿ ਕੀ ਕਾਨੂੰਨ ’ਚ ਕਿਸੇ ਬਦਲਾਅ ਦੀ ਲੋੜ ਹੈ। ਰਿਪੋਰਟ ਦੇ ਮੁਤਾਬਕ ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਕਾਨੂੰਨ ’ਚ ਕੀ ਸੋਧ ਕੀਤੀ ਜਾ ਸਕਦੀ ਹੈ। ਅਟਾਰਨੀ ਜਨਰਲ ਨੇ ਕਿਹਾ ਕਿ ਸਮੀਖਿਆ ਦਲ ਨੇ ਸੰਸਦ ਦੇ ਸੰਸਕ੍ਰਿਤਕ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ ਅਤੇ ਇਕ ਜਾਂ ਦੋ ਹਫ਼ਤੇ ’ਚ ਇਸ ਦੇ ਨਤੀਜੇ ਸਾਹਮਣੇ ਆਉਣਗੇ। ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਨੇ ਕਿਹਾ ਹੈ ਕਿ ਈਰਾਨ ਦੀ ਗਣਤੰਤਰਾਤਮਕ ਅਤੇ ਇਸਲਾਮੀ ਨੀਂਹ ਸੰਵਿਧਾਨਕ ਤੌਰ ’ਤੇ ਮਜ਼ਬੂਤ ਹੈ ਪਰ ਸੰਵਿਧਾਨ ਨੂੰ ਲਾਗੂ ਕਰਨ ਦੇ ਤਰੀਕੇ ਲਚਕੀਲੇ ਹੋ ਸਕਦੇ ਹਨ।

ਇਹ ਵੀ ਪੜ੍ਹੋ :  ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

1983 ’ਚ ਲਾਜ਼ਮੀ ਹੋਇਆ ਸੀ ਹਿਜਾਬ

ਕੁਰਦ ਮਲੂ ਦੀ 22 ਸਾਲਾ ਈਰਾਨੀ ਮਹਸਾ ਅਮਿਨੀ ਦੀ ਹਿਰਾਸਤ ’ਚ ਮੌਤ ਦੇ ਬਾਅਦ 16 ਸਤੰਬਰ ਤੋਂ ਈਰਾਨ ’ਚ ਰੋਸ ਪ੍ਰਦਰਸ਼ਨ ਹੋ ਰਹੇ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਸ਼ਰਿਆ-ਆਧਾਰਿਤ ਹਿਜਾਬ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ’ਚ ਮੋਰਾਲਿਟੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸਲਾਮਿਕ ਕ੍ਰਾਂਤੀ ਦੇ ਚਾਰ ਸਾਲ ਬਾਅਦ ਅਪ੍ਰੈਲ 1983 ’ਚ ਈਰਾਨ ’ਚ ਸਾਰੀਆਂ ਔਰਤਾਂ ਲਈ ਹਿਜਾਬ ਹੈੱਡਸਕਾਰਫ਼ ਲਾਜ਼ਮੀ ਹੋ ਗਿਆ ਸੀ, ਜਿਸ ਨੇ ਅਮਰੀਕਾ ਸਮਥਿਤ ਰਾਜਸ਼ਾਹੀ ਨੂੰ ਪੁੱਟ ਸੁੱਟਿਆ ਸੀ। ਇਹ ਇਕ ਅਜਿਹੇ ਦੇਸ਼ ’ਚ ਇਕ ਬੇਹੱਦ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ, ਜਿੱਥੇ ਰੂੜੀਵਾਦੀ ਜ਼ੋਰ ਦਿੰਦੇ ਹਨ ਕਿ ਇਹ ਲਾਜ਼ਮੀ ਹੋਣਾ ਚਾਹੀਦਾ ਹੈ, ਜਦਕਿ ਸੁਧਾਰਵਾਦੀ ਇਸ ਨੂੰ ਨਿੱਜੀ ਪਸੰਦ ’ਤੇ ਛੱਡਣਾ ਚਾਹੁੰਦੇ ਹਨ।

ਲੋਕਾਂ ਦੇ ਮਾਰੇ ਜਾਣ ਦੇ ਵੱਖ-ਵੱਖ ਦਾਅਵੇ

ਇਸ ਹਫ਼ਤੇ ਈਰਾਨ ਦੇ ਇਸਲਾਮਕ ਰੈਵੀਲਿਊਸ਼ਨਰੀ ਗਾਰਡ ਕਾਪਰਸ ਦੇ ਇਕ ਜਨਰਲ ਨੇ ਪਹਿਲੀ ਵਾਰ ਕਿਹਾ ਕਿ ਮਹਸਾ ਅਮਿਨੀ ਦੀ ਮੌਤ ਤੋਂ ਬਾਅਦ ਤੋਂ ਅਸ਼ਾਂਤੀ ’ਚ 300 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਈਰਾਨ ਦੀ ਉੱਚ ਸੁਰੱਖਿਆ ਬਾਡੀ ਸਰਵਉੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਰੋਸ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 200 ਤੋਂ ਵੱਧ ਹੈ। ਇਸ ਅੰਕੜੇ ’ਚ ਸੁਰੱਖਿਆ ਅਧਿਕਾਰੀ, ਨਾਗਰਿਕ ਅਤੇ ਵੱਖਵਾਦੀਆਂ ਦੇ ਨਾਲ-ਨਾਲ ਦੰਗਾਕਾਰੀ ਵੀ ਸ਼ਾਮਲ ਹਨ। ਉਥੇ ਹੀ ਓਸਲੋ ਸਥਿਤ ਗੈਰ-ਸਰਕਾਰੀ ਸੰਗਠਨ ਈਰਾਨ ਹਿਊਮਨ ਰਾਇਟਸ ਨੇ ਦਾਅਵਾ ਕੀਤਾ ਹੈ ਕਿ ਘੱਟ ਤੋਂ ਘੱਟ 448 ਲੋਕ ਦੇਸ਼ਵਿਆਪੀ ਰੋਸ ਪ੍ਰਦਰਸ਼ਨਾਂ ’ਚ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਦੇ ਅਧਿਕਾਰ ਪ੍ਰਮੁੱਖ ਵੋਲਕਰ ਤੁਰਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ’ਚ ਬੱਚਿਆਂ ਸਮੇਤ 14000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ :  ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News