ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਉਸ ਦੇ ਪਤੀ ਨੂੰ ਹਾਈਕੋਰਟ ਵਲੋਂ ਨੋਟਿਸ ਜਾਰੀ

09/25/2018 8:58:05 AM

ਚੰਡੀਗੜ੍ਹ (ਬਰਜਿੰਦਰ) : ਪੰਜਾਬ ਦੇ ਐਂਟੀ ਡਰੱਗ ਐੱਸ. ਟੀ. ਐੱਫ. ਚੀਫ ਮੁਹੰਮਦ ਮੁਸਤਫਾ ਸਮੇਤ ਉਨ੍ਹਾਂ ਦੀ ਪਤਨੀ ਅਤੇ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ 'ਤੇ ਝੂਠੇ ਕੇਸਾਂ 'ਚ ਫਸਾਉਣ ਦਾ ਦੋਸ਼ ਲਾਉਂਦਿਆਂ ਮਾਲੇਰਕੋਟਲਾ ਦੇ ਇਕ ਵਿਅਕਤੀ ਨੇ ਇਨ੍ਹਾਂ ਤੋਂ ਜਾਨ ਦਾ ਖ਼ਤਰਾ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ। ਅਬਦੁਲ ਰਾਸ਼ਿਦ ਨਾਮਕ ਇਸ ਵਿਅਕਤੀ ਨੇ ਖੁਦ ਨੂੰ ਪੁਲਸ ਅੱਤਿਆਚਾਰਾਂ ਤੋਂ ਪੀੜਤ ਦੱਸਿਆ ਹੈ। ਉਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਸਕਦਾ ਹੈ। ਹਾਈਕੋਰਟ ਨੇ ਉਸ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਡੀ. ਜੀ. ਪੀ. ਮੁਸਤਫਾ, ਮੰਤਰੀ ਰਜ਼ੀਆ ਸੁਲਤਾਨਾ ਤੇ ਹੋਰ ਧਿਰਾਂ ਨੂੰ 26 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ। ਉਥੇ ਹੀ ਆਪਣੇ ਅੰਤਰਿਮ ਹੁਕਮਾਂ 'ਚ ਪਟੀਸ਼ਨਰ ਨੂੰ ਕਾਨੂੰਨ ਮੁਤਾਬਕ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੇ ਹੁਕਮ ਵੀ ਦਿੱਤੇ ਹਨ। 

ਪਟੀਸ਼ਨਰ ਦਾ ਦਾਅਵਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਮਾਲੇਰਕੋਟਲਾ ਵਿਚ ਖੇਤੀ  ਵਾਲੀ ਜ਼ਮੀਨ ਸੀ। ਉਹ ਰਾਜਨੀਤੀ ਦਾ ਸ਼ਿਕਾਰ ਹੋਇਆ ਅਤੇ ਉਸ 'ਤੇ ਲਗਾਤਾਰ ਕੇਸ ਦਰਜ ਕੀਤੇ ਗਏ। ਪਟੀਸ਼ਨਰ ਮੁਤਾਬਕ ਉਸ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਤੇ ਉਹ ਸੰਗਰੂਰ ਦੀ ਜੇਲ 'ਚ ਕੈਦ ਹੈ। ਪਟੀਸ਼ਨਰ ਵਲੋਂ ਮੰਗ ਕੀਤੀ ਗਈ ਹੈ ਕਿ ਉਸ ਨੂੰ ਕਿਸੇ ਹੋਰ ਜੇਲ 'ਚ ਸ਼ਿਫਟ ਕੀਤਾ ਜਾਵੇ। ਉਥੇ ਹੀ ਉਸ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਸੁਰੱਖਿਆ ਦੇ ਹੁਕਮ ਜਾਰੀ ਹੋਣ ਕਿਉਂਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਝੂਠੇ ਕੇਸਾਂ 'ਚ ਫਸਾਇਆ ਜਾ ਚੁੱਕਿਆ ਹੈ। ਦੋਸ਼ਾਂ 'ਚ ਕਿਹਾ ਗਿਆ ਹੈ ਕਿ ਉਸ 'ਤੇ ਕਰੀਬ 10 ਕੇਸ ਦਰਜ ਹੋਏ ਸਨ, ਜਿਨ੍ਹਾਂ 'ਚੋਂ ਇਕ ਨੂੰ ਛੱਡ ਕੇ ਬਾਕੀਆਂ 'ਚੋਂ ਕੁੱਝ 'ਚ ਉਹ ਬਰੀ ਹੋ ਚੁੱਕਿਆ ਹੈ ਅਤੇ ਕੁੱਝ 'ਚ ਜ਼ਮਾਨਤ ਮਿਲ ਚੁੱਕੀ ਹੈ।


Related News