ਕੁੰਵਰ ਵਿਜੇ ਪ੍ਰਤਾਪ ਨੇ ਹਾਈਕੋਰਟ ਦੇ ਡਬਲ ਬੈਂਚ ਕੋਲ ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
Tuesday, Aug 24, 2021 - 11:31 AM (IST)
ਚੰਡੀਗੜ੍ਹ/ਫਰੀਦਕੋਟ (ਹਾਂਡਾ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਭੜਕੀ ਭੀੜ ’ਤੇ ਕੋਟਕਪੂਰਾ ਵਿਚ ਹੋਈ ਪੁਲਸ ਫਾਇਰਿੰਗ ਤੋਂ ਬਾਅਦ ਗਠਿਤ ਐੱਸ.ਆਈ.ਟੀ. ਨੇ ਜਾਂਚ ਕੀਤੀ ਸੀ, ਜਿਸ ਦੇ ਆਧਾਰ ’ਤੇ ਸਾਬਕਾ ਪੁਲਸ ਪ੍ਰਮੁੱਖ ਅਤੇ ਆਈ.ਜੀ. ਪਰਮਰਾਜ ਉਮਰਾਨੰਗਲ ਨੂੰ ਮਾਮਲੇ ਵਿਚ ਸਹਿ ਮੁਲਜ਼ਮ ਬਣਾਇਆ ਗਿਆ ਸੀ। ਐੱਸ. ਆਈ. ਟੀ. ਦੀ ਉਕਤ ਜਾਂਚ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 9 ਅਪ੍ਰੈਲ ਨੂੰ ਖਾਰਿਜ ਕਰ ਦਿੱਤਾ। ਹਾਈਕੋਰਟ ਨੇ ਨਵੇਂ ਸਿਰੇ ਤੋਂ ਐੱਸ.ਆਈ.ਟੀ. ਬਣਾਉਣ ਅਤੇ ਮੁੜ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਕਿਹਾ ਸੀ ਕਿ ਐੱਸ.ਆਈ.ਟੀ. ਦੇ ਪ੍ਰਮੁੱਖ ਰਹੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਵੀਂ ਐੱਸ.ਆਈ.ਟੀ. ਵਿਚ ਸ਼ਾਮਲ ਨਾ ਕੀਤਾ ਜਾਵੇ, ਜਿਨ੍ਹਾਂ ’ਤੇ ਪਟੀਸ਼ਨਰ ਨੇ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਜ਼ਬਰਨ ਇਸ ਮਾਮਲੇ ਵਿਚ ਮੁਲਜ਼ਮ ਬਣਾਏ ਜਾਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਐਲਾਨਿਆ ਉਮੀਦਵਾਰ
ਐੱਸ.ਆਈ.ਟੀ. ਦੇ ਪ੍ਰਮੁੱਖ ਰਹੇ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿੰਘ ਬੈਂਚ ਦੇ 9 ਅਪ੍ਰੈਲ ਦੇ ਹੁਕਮਾਂ ਨੂੰ ਹਾਈਕੋਰਟ ਦੇ ਡਬਲ ਬੈਂਚ ਵਿਚ ਚੁਣੌਤੀ ਦਿੰਦਿਆਂ ਪਟੀਸ਼ਨ ਦਾਖਲ ਕੀਤੀ ਹੈ, ਜਿਸ ’ਤੇ ਬੈਂਚ ਨੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 7 ਦਸੰਬਰ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਦੇਖ-ਰੇਖ ਵਿਚ ਬਣੀ ਐੱਸ.ਆਈ.ਟੀ. ਦੀ ਜਾਂਚ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਸਾਬਕਾ ਪੁਲਸ ਪ੍ਰਮੁੱਖ ਸੁਮੇਧ ਸਿੰਘ ਸੈਣੀ ਨੂੰ ਐੱਫ਼.ਆਈ.ਆਰ. ਵਿਚ ਸਹਿ-ਮੁਲਜ਼ਮ ਬਣਾਇਆ ਸੀ।ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਦਿਆਂ ਡੀ.ਐੱਸ.ਪੀ. ਅਤੇ ਇੰਸਪੈਕਟਰ ਗੁਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਇੰਸਪੈਕਟਰ ਗੁਰਦੀਪ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਐੱਸ.ਆਈ.ਟੀ. ਦੀ ਰਿਪੋਰਟ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਉਕਤ ਐੱਸ.ਆਈ.ਟੀ. ਸਰਕਾਰ ਦੇ ਇਸ਼ਾਰੇ ’ਤੇ ਬਣਾਈ ਗਈ ਸੀ ਅਤੇ ਜਬਰਨ ਉਨ੍ਹਾਂ ਨੂੰ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਗੁਰਦੀਪ ਸਿੰਘ ਨੇ ਮੰਗ ਕੀਤੀ ਸੀ ਕਿ ਮੁੜ ਐੱਸ.ਆਈ.ਟੀ. ਬਣਾ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਪਰ ਐੱਸ.ਆਈ.ਟੀ. ਪ੍ਰਮੁੱਖ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਸ ਵਿਚ ਸ਼ਾਮਲ ਨਹੀਂ ਕੀਤਾ ਜਾਵੇ।
ਇਹ ਵੀ ਪੜ੍ਹੋ : ਮੋਗਾ: ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਤੁਰੇ ਹੰਝੂ (ਤਸਵੀਰਾਂ)
ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਰਕਾਰ ਅਤੇ ਪੁਲਸ ਪ੍ਰਮੁੱਖ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਸੀ। ਦੋਵਾਂ ਧਿਰਾਂ ਨੇ ਜਵਾਬ ਦਾਖ਼ਲ ਕਰ ਕੇ ਐੱਸ.ਆਈ.ਟੀ. ਦੀ ਜਾਂਚ ਨੂੰ ਸਹੀ ਮੰਨਿਆ ਸੀ, ਜਦੋਂ ਕਿ ਪਟੀਸ਼ਨਰ ਧਿਰ ਨੇ ਜਵਾਬ ਨੂੰ ਸਹੀ ਨਾ ਮੰਨਦਿਆਂ ਸਿਰੇ ਤੋਂ ਨਕਾਰ ਦਿੱਤਾ ਸੀ। ਪਟੀਸ਼ਨਰ ਧਿਰ ਵਲੋਂ ਕੋਰਟ ਵਿਚ ਜਵਾਬ ਨੂੰ ਲੈ ਕੇ ਜੋ ਤੱਥ ਪੇਸ਼ ਕੀਤੇ ਗਏ, ਉਨ੍ਹਾਂ ਤੋਂ ਕੋਰਟ ਪ੍ਰਭਾਵਿਤ ਹੋਇਆ ਅਤੇ ਕੋਰਟ ਨੇ ਐੱਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਖਾਰਿਜ ਕਰਦਿਆਂ ਨਵੀਂ ਐੱਸ.ਆਈ.ਟੀ. ਬਣਾ ਕੇ ਮੁੜ ਨਵੇਂ ਸਿਰੇ ਤੋਂ ਜਾਂਚ ਨੂੰ ਕਹਿ ਦਿੱਤਾ ਸੀ। ਹਾਈਕੋਰਟ ਨੇ ਹੁਕਮਾਂ ਵਿਚ ਸਪੱਸ਼ਟ ਕਿਹਾ ਸੀ ਕਿ ਜਾਂਚ ਸਰਕਾਰ ਦੇ ਇਸ਼ਾਰਿਆਂ ’ਤੇ ਰੰਜਿਸ਼ ਦੀ ਭਾਵਨਾ ਨਾਲ ਕੀਤੀ ਗਈ ਹੈ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ ਅਤੇ ਵਕਾਲਤ ਦਾ ਲਾਇਸੰਸ ਵੀ ਬਾਰ ਕੌਂਸਲ ਤੋਂ ਹਾਸਲ ਕੀਤਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਾਜਨੀਤੀ ਵਿਚ ਦਾਖਲ ਹੁੰਦਿਆਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਸ਼ਬਦਾਵਲੀ ਸੁਣ ਭੜਕੇ ਕਿਸਾਨ, ਲਾਈਵ ਹੋ ਕੇ ਵਿਧਾਇਕ ਨੂੰ ਦਿੱਤੀ ਇਹ ਚਿਤਾਵਨੀ