ਹਾਈਕੋਰਟ ਨੇ ਗੁਰਦੁਆਰਾ ਚੋਣ ਕਮਿਸ਼ਨਰ ਲਈ ਕੇਂਦਰ ਨੂੰ ਭੇਜਿਆ ਪੈਨਲ, 11 ਸਾਬਕਾ ਜੱਜਾਂ ਦੇ ਨਾਂ ਸ਼ਾਮਲ

Thursday, Jan 10, 2019 - 08:31 AM (IST)

ਹਾਈਕੋਰਟ ਨੇ ਗੁਰਦੁਆਰਾ ਚੋਣ ਕਮਿਸ਼ਨਰ ਲਈ ਕੇਂਦਰ ਨੂੰ ਭੇਜਿਆ ਪੈਨਲ, 11 ਸਾਬਕਾ ਜੱਜਾਂ ਦੇ ਨਾਂ ਸ਼ਾਮਲ

ਚੰਡੀਗਡ਼੍ਹ, (ਭੁੱਲਰ)- ਕੇਂਦਰ ਸਰਕਾਰ ਵਲੋਂ ਹੁਣ ਐੱਸ. ਜੀ. ਪੀ. ਸੀ. ਚੋਣਾਂ ਲਈ ਵੀ ਹਿਲਜੁੱਲ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਸਬੰਧੀ ਸਰਗਰਮ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ ਕਾਰਵਾਈ ਕਾਰਨ ਕੇਂਦਰ ਸਰਕਾਰ ਦੀ ਮੰਗ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਇਕ ਪੈਨਲ ਭੇਜਿਆ ਗਿਆ ਹੈ।

ਇਸ ’ਚੋਂ ਹੀ ਕੇਂਦਰ ਸਰਕਾਰ ਨੇ ਕਿਸੇ ਕਮਿਸ਼ਨਰ ਦੀ ਚੋਣ ਕਰਨੀ ਹੈ, ਜਿਸ ਦੀ ਮੁੱਖ ਜ਼ਿੰਮੇਵਾਰੀ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਲੋਂ ਭੇਜੇ ਗਏ ਪੈਨਲ ’ਚ 11 ਸਾਬਕਾ ਜੱਜਾਂ ਦੇ ਨਾਂ ਸ਼ਾਮਲ ਹਨ। ਇਸ ਪੈਨਲ ਵਿਚ ਰਿਟਾ. ਜਸਟਿਸ ਐੱਸ.ਐੱਸ. ਸਾਰੋਂ, ਜਸਵੀਰ ਸਿੰਘ,  ਏ.ਐੱਨ. ਜਿੰਦਲ, ਆਰ.ਕੇ. ਗਰਗ, ਐੱਮ.ਐੱਸ. ਬੇਦੀ, ਐੱਮ. ਐੱਸ. ਸੂਲਰ, ਮਹਾਬੀਰ ਸਿੰਘ ਚੌਹਾਨ, ਜਸਪਾਲ ਸਿੰਘ, ਜੋਰਾ ਸਿੰਘ, ਨਵਿਤਾ ਸਿੰਘ ਤੇ ਗੁਰਦੇਵ ਸਿੰਘ ਦੇ ਨਾਂ ਸ਼ਾਮਲ ਹਨ। 
ਜ਼ਿਕਰਯੋਗ ਹੈ ਕਿ ਇਨ੍ਹਾਂ ’ਚੋਂ ਜਸਟਿਸ ਜ਼ੋਰਾ ਸਿੰਘ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਹਨ। ਜਦਕਿ ਜਸਟਿਸ ਸਾਰੋਂ ਇਸ ਸਮੇਂ ਪੰਜਾਬ ਰੈਵੇਨਿਊ ਕਮਿਸ਼ਨ ਦੇ ਚੇਅਰਮੈਨ ਹਨ। ਜ਼ਿਕਰਯੋਗ ਹੈ ਕਿ ਰਿਟਾ. ਜਸਟਿਸ ਐੱਚ.ਐੱਸ. ਬਰਾੜ ਵਲੋਂ ਪਿਛਲੀਆਂ ਚੋਣਾਂ ਦਾ ਕੰਮ ਨਿਬੇੜਨ ਤੋਂ ਬਾਅਦ ਇਹ ਅਹੁਦਾ ਛੱਡਿਆ ਗਿਆ ਸੀ ਅਤੇ 30 ਸਤੰਬਰ 2015 ਤੋਂ ਬਾਅਦ ਗੁਰਦੁਆਰਾ ਕਮਿਸ਼ਨਰ ਦਾ ਅਹੁਦਾ ਖਾਲੀ ਪਿਆ ਹੈ। ਕੇਂਦਰ ਵਲੋਂ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਐੱਸ.ਜੀ.ਪੀ.ਸੀ. ਚੋਣਾਂ ਦੀ ਤਿਆਰੀ ਦਾ ਕੰਮ ਸ਼ੁਰੂ ਹੋ ਸਕਦਾ ਹੈ।
ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚ ਸੋਧ ਤੇ ਪਿਛਲੇ ਸਮੇਂ ਵਿਚ ਉਚ ਅਦਾਲਤਾਂ ’ਚ ਸਹਿਜਧਾਰੀ ਸਿੱਖਾਂ ਦੇ ਵਿਵਾਦ ਕਾਰਨ ਹੋਏ ਫੈਸਲਿਆਂ ਦੇ ਸੰਦਰਭ ’ਚ ਨਵੀਆਂ ਵੋਟਾਂ ਬਣਾਉਣ ਦਾ ਕੰਮ ਕਰਨਾ ਪਏਗਾ। ਇਸ ਦੀ ਸ਼ੁਰੂਆਤ ਕਮਿਸ਼ਨਰ ਦੀ ਨਿਯੁਕਤੀ ਵਾਂਗ ਹੀ ਹੋਵੇਗੀ।


Related News