ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਨਾਬਾਲਗ ਜਬਰ-ਜ਼ਿਨਾਹ ਪੀੜਤਾ ਨੂੰ ਦਿੱਤੀ ਗਰਭਪਾਤ ਦੀ ਮਨਜ਼ੂਰੀ

Thursday, Dec 01, 2022 - 03:48 PM (IST)

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਨਾਬਾਲਗ ਜਬਰ-ਜ਼ਿਨਾਹ ਪੀੜਤਾ ਨੂੰ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਵੱਡਾ ਫ਼ੈਸਲਾ ਸੁਣਾਇਆ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀੜਤਾ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਦੇ ਹੋਏ ਅਪੀਲ ਕੀਤੀ ਸੀ ਕਿ ਉਹ 26 ਹਫ਼ਤਿਆਂ ਦੀ ਗਰਭਵਤੀ ਹੈ। ਜੇਕਰ ਉਹ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਸਰੀਰਕ ਅਤੇ ਮਾਨਸਿਕ ਪੀੜਾ ਹੋਵੇਗੀ। ਇਸ ਦੇ ਨਾਲ ਹੀ ਇਹ ਬੱਚਾ ਹਮੇਸ਼ਾ ਉਸ ਦੇ ਮਨ ਨੂੰ ਠੇਸ ਪਹੁੰਚਾਉਂਦਾ ਰਹੇਗਾ। ਪੀੜਤਾ ਨੇ ਕਿਹਾ ਕਿ ਵਾਰ-ਵਾਰ ਉਸ ਨੂੰ ਯਾਦ ਆਵੇਗਾ ਕਿ ਜਬਰ-ਜ਼ਿਨਾਹ ਕਾਰਨ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇੰਨਾ ਹੀ ਨਹੀਂ, ਜੇਕਰ ਉਸ ਨੂੰ ਗਰਭ ਡਿਗਾਉਣ ਦੀ ਮਨਜ਼ੂਰੀ ਨਹੀਂ ਮਿਲੀ ਤਾਂ ਉਸ ਦਾ ਭਵਿੱਖ ਵੀ ਖ਼ਰਾਬ ਹੋ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ : GMSH-16 'ਚ OPD ਦੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਕੀ ਕਰਨਾ ਪਵੇਗਾ

ਅਦਾਲਤ ਨੇ ਪੀੜਤਾ ਦੀਆਂ ਦਲੀਲਾਂ ਸੁਣ ਤੋਂ ਬਾਅਦ ਆਪਣੇ ਫ਼ੈਸਲੇ 'ਚ ਕਿਹਾ ਕਿ ਜਬਰ-ਜ਼ਿਨਾਹ ਤੋਂ ਬਾਅਦ ਬੱਚਾ ਪੀੜਤਾ ਨੂੰ ਉਸ ਨਾਲ ਹੋਈ ਦਰਿੰਦਗੀ ਦੀ ਯਾਦ ਪੂਰੀ ਉਮਰ ਦਿਵਾਉਂਦਾ ਰਹੇਗਾ। ਅਦਾਲਤ ਨੇ ਕਿਹਾ ਕਿ ਜਬਰ-ਜ਼ਿਨਾਹ ਤੋਂ ਪੈਦਾ ਹੋਏ ਬੱਚੇ ਦੀ ਜ਼ਿੰਦਗੀ ਵੀ ਆਮ ਬੱਚਿਆਂ ਵਰਗੀ ਨਹੀਂ ਹੋਵੇਗੀ। ਉਸ ਨੂੰ ਦੁਨੀਆ ਦੇ ਤਾਅਨੇ ਸੁਣਨੇ ਪੈਣਗੇ। ਅਜਿਹੇ 'ਚ ਮਾਂ ਅਤੇ ਬੱਚੇ ਨੂੰ ਪੂਰੀ ਜ਼ਿੰਦਗੀ ਕੈਦ ਵਾਂਗ ਗੁਜਾਰਨੀ ਪਵੇਗੀ। ਦੱਸਣਯੋਗ ਹੈ ਕਿ ਜਬਰ-ਜ਼ਿਨਾਹ ਪੀੜਤਾ ਨੇ ਬੀਤੀ 21 ਅਕਤੂਬਰ ਨੂੰ ਐੱਫ. ਆਈ. ਆਰ. ਦਰਜ ਕਰਵਾਈ ਸੀ ਕਿ ਉਹ ਨਾਬਾਲਗ ਹੈ ਅਤੇ ਜਬਰ-ਜ਼ਿਨਾਹ ਤੋਂ ਬਾਅਦ ਗਰਭਵਤੀ ਹੋ ਗਈ ਹੈ। ਉਸ ਨੇ ਅਦਾਲਤ 'ਚ ਗਰਭ ਡਿਗਾਉਣ ਦੀ ਇਜਾਜ਼ਤ ਮੰਗੀ ਸੀ।

ਇਹ ਵੀ ਪੜ੍ਹੋ : ਖਰੜ 'ਚ ਵਿਆਹ ਵਾਲੇ ਘਰ ਅਚਾਨਕ ਪੈ ਗਈ ਰੇਡ, ਜਸ਼ਨ ਮਨਾ ਰਹੇ ਰਿਸ਼ਤੇਦਾਰ ਵੀ ਰਹਿ ਗਏ ਹੈਰਾਨ

ਇਸ ਤੋਂ ਬਾਅਦ ਅਦਾਲਤ ਨੇ ਨੂਹ ਦੇ ਸ਼ਹੀਦ ਹਸਨ ਖਾਨ ਮੈਡੀਕਲ ਕਾਲਜ ਨੂੰ ਮੈਡੀਕਲ ਬੋਰਡ ਗਠਿਤ ਕਰਨ ਦੇ ਹੁਕਮ ਦਿੱਤੇ ਸਨ। ਬੋਰਡ ਨੇ ਪੀੜਤਾ ਦੀ ਜਾਂਚ ਕਰਕੇ ਅਦਾਲਤ ਨੂੰ 16 ਨਵੰਬਰ ਤੱਕ ਦੱਸਣਾ ਸੀ ਕਿ ਪੀੜਤਾ ਦਾ ਗਰਭਪਾਤ ਸੁਰੱਖਿਅਤ ਰਹੇਗਾ। 16 ਨਵੰਬਰ ਨੂੰ ਜਦੋਂ ਮਾਮਲਾ ਅਦਾਲਤ 'ਚ ਪੁੱਜਿਆ ਤਾਂ ਮੈਡੀਕਲ ਬੋਰਡ ਦੀ ਰਿਪੋਰਟ ਪੇਸ਼ ਕੀਤੀ ਗਈ। ਹਾਈਕੋਰਟ ਨੇ ਰਿਪੋਰਟ 'ਚ ਗਰਭਪਾਤ ਸਬੰਧੀ ਕੋਈ ਸਿਫ਼ਾਰਿਸ਼ ਨਾ ਕਰਨ ਲਈ ਬੋਰਡ ਨੂੰ ਫਟਕਾਰ ਲਾਈ ਹੈ। ਹਾਈਕੋਰਟ ਨੇ ਬੋਰਡ ਨੂੰ 2 ਦਿਨਾਂ ਅੰਦਰ ਤਾਜ਼ਾ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਹੁਣ ਹਾਈਕੋਰਟ ਨੇ ਪੀੜਤਾ ਦੇ ਗਰਭਪਾਤ ਦੀ ਇਜਾਜ਼ਤ ਦਿੰਦੇ ਹੋਏ ਮੈਡੀਕਲ ਕਾਲਜ ਨੂੰ ਇਸ ਕੰਮ ਨੂੰ ਜਲਦੀ ਪੂਰਾ ਕਰਨ ਦੇ ਹੁਕਮ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News