27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਮਾਣਯੋਗ ਹਾਈ ਕੋਰਟ ਨੇ ਕੀਤੀ ਮਨਜ਼ੂਰ

Friday, Jul 27, 2018 - 03:15 AM (IST)

27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਮਾਣਯੋਗ ਹਾਈ ਕੋਰਟ ਨੇ ਕੀਤੀ ਮਨਜ਼ੂਰ

ਮਾਨਸਾ(ਜੱਸਲ)-ਸ਼ਹਿਰ ’ਚ ਲੰਘੇ ਵਰ੍ਹੇ ਕਾਰਾਂ ਨੂੰ ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਦਰਜ ਮੁਕੱਦਮੇ ’ਚ ਅੱਜ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲਾ ਜੇਲ ਮਾਨਸਾ ’ਚ ਬੰਦ 27 ਡੇਰਾ ਪ੍ਰੇਮੀਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ ਗਈਆਂ। ਹੁਣ ਮਾਨਸਾ ਦੀ ਅਦਾਲਤ ਵਿਚ ਬਣਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੀ ਜਲਦੀ ਹੀ ਮਾਨਸਾ ਜੇਲ ’ਚੋਂ ਰਿਹਾਅ ਹੋਣ ਦੀ ਆਸ  ਬੱਝ ਗਈ ਹੈ। ਦੱਸਣਯੋਗ ਹੈ ਕਿ ਮਾਨਸਾ ਦੇ ਵਨ ਵੇ ਟ੍ਰੈਫਿਕ ਰੋਡ  ’ਤੇ ਸਥਿਤ ਇਨਕਮ ਵਿਭਾਗ ਦਫਤਰ ’ਚ ਖਡ਼੍ਹੀਆਂ 2 ਕਾਰਾਂ ਨੂੰ 25 ਅਗਸਤ 2017 ਦੇ ਦਿਨ ਅੱਗ ਲਾਉਣ ਦੀ ਵਾਪਰੀ ਘਟਨਾ ਦੇ ਮਾਮਲੇ ’ਚ ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਦਰਜ ਕਰ ਕੇ ਇਸ ਮਾਮਲੇ ’ਚ 31 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ’ਚ 29 ਵਿਅਕਤੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਕੇ ਜ਼ਿਲਾ ਜੇਲ  ’ਚ ਭੇਜ ਦਿੱਤਾ ਸੀ। ਇਨ੍ਹਾਂ ਡੇਰਾ ਪ੍ਰੇਮੀਆਂ ਦੀਆਂ ਮਾਣਯੋਗ ਅਦਾਲਤ ਮਾਨਸਾ ’ਚ ਜ਼ਮਾਨਤ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ  ਹਾਈ ਕੋਰਟ ’ਚ ਦਰਖਾਸਤਾਂ ਦਾਖਲ ਕਰ ਕੇ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਮਾਣਯੋਗ ਹਾਈ ਕੋਰਟ ਨੇ ਡੇਰਾ ਪ੍ਰੇਮੀਆਂ ਦੀਆਂ ਜ਼ਮਾਨਤ ਅਰਜ਼ੀਆਂ ਦੀ ਸੁਣਵਾਈ ਕਰ ਕੇ ਇਸ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਉਹ ਭਲਕੇ  ਅਦਾਲਤ ’ਚ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ  ਜੇਲ ’ਚੋਂ ਰਿਹਾਅ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ।
 


Related News