ਧੋਖਾਦੇਹੀ ਦਾ ਸ਼ਿਕਾਰ ਕਿਸਾਨ ਵਾਲੇ ਮਾਮਲੇ ’ਚ ਹਾਈਕੋਰਟ ਨੇ ਪੁਲਸ ਤੋਂ ਮੰਗੀ ਰਿਪੋਰਟ

Tuesday, Jul 10, 2018 - 02:54 AM (IST)

ਧੋਖਾਦੇਹੀ ਦਾ ਸ਼ਿਕਾਰ ਕਿਸਾਨ ਵਾਲੇ ਮਾਮਲੇ ’ਚ ਹਾਈਕੋਰਟ ਨੇ ਪੁਲਸ ਤੋਂ ਮੰਗੀ ਰਿਪੋਰਟ

ਬਠਿੰਡਾ(ਵਰਮਾ)-ਪਟਵਾਰੀ ਵੱਲੋਂ ਧੋਖਾਦੇਹੀ ਕਰ ਕੇ ਕਿਸਾਨ ਦੀ ਜ਼ਮੀਨ ਹੜੱਪਣ  ਦੇ ਦੋਸ਼ ’ਚ ਤੇ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਨੂੰ ਲੈ ਕੇ ਪੀੜਤ ਕਿਸਾਨ ਨੇ ਹਾਈਕੋਰਟ ਦੀ ਸ਼ਰਨ ਲਈ, ਜਿਥੇ ਸੈਸ਼ਨ ਜੱਜ ਨੇ ਇਸ ਮਾਮਲੇ ਦੀ ਬਠਿੰਡਾ ਪੁਲਸ ਤੋਂ ਰਿਪੋਰਟ  ਮੰਗੀ। ਜ਼ਿਲੇ ਦੇ ਪਿੰਡ ਗੰਗਾ ਵਾਸੀ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਤਰ ਦੇ  ਸਸਪੈਂਡ ਹੋਏ ਪਟਵਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੋਖੇ ਨਾਲ ਉਸਦੀ ਜ਼ਮੀਨ ਆਪਦੇ ਨਾਂ  ਕਰਵਾ ਲਈ ਸੀ। ਇਸ ਸਬੰਧੀ ਅਪ੍ਰੈਲ 2017 ਵਿਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ  ਨੇ ਇਸਦੀ ਕਾਨੂੰਨੀ ਰਾਏ ਲੈਣ ਲਈ ਡੀ. ਏ. ਲੀਗਲ ਤੋਂ ਰਿਪੋਰਟ ਮੰਗੀ, ਜਿਸ ਨੇ ਰਿਪੋਰਟ  ਵਿਚ ਲਿਖਿਆ ਕਿ ਮੁਲਜ਼ਮ ਪਟਵਾਰੀ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਪੁਲਸ  ਦੇ ਉੱਚ ਅਧਿਕਾਰੀਆਂ ਨੇ ਇਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰ ਕੇ ਮਾਰਚ 2018 ਵਿਚ ਇਕ ਹੋਰ  ਮੁਲਜ਼ਮ ਸੰਪੂਰਨ ਸਿੰਘ ਖਿਲਾਫ ਬਠਿੰਡਾ ਸਿਵਲ ਲਾਈਨ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ  ਲਿਆ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁਲ 8 ਲੋਕ ਸ਼ਾਮਲ ਸੀ, ਜਿਨ੍ਹਾਂ  ’ਚ ਸਬੰਧਤ ਪਟਵਾਰੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਹੇਠਲੀ ਅਦਾਲਤ ਵਿਚ  ਚੁਣੌਤੀ ਦਿੱਤੀ ਗਈ ਤਾਂ ਪੁਲਸ ਨੇ ਧਾਰਾ 120 ਤਹਿਤ ਪਟਵਾਰੀ ਨੂੰ ਨਾਮਜ਼ਦ ਕਰ ਲਿਆ ਪਰ ਹੋਰ  ਮੁਲਜ਼ਮਾਂ ਨੂੰ ਛੱਡ ਦਿੱਤਾ ਤਾਂ ਕਿਸਾਨ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚਾ। ਸੈਸ਼ਨ ਜੱਜ ਨੇ ਧੋਖਾਦੇਹੀ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਪੁਲਸ ਤੋਂ  ਰਿਪੋਰਟ ਤਲਬ ਕੀਤੀ। ਪੀੜਤ ਕਿਸਾਨ ਨੇ ਦੱਸਿਆ ਕਿ ਹੁਣ ਉਸਨੂੰ ਹਾਈ ਕੋਰਟ ਤੋਂ ਹੀ ਨਿਅਾਂ  ਮਿਲੇਗਾ।
 


Related News