ਹਾਈ ਕੋਰਟ ਵੱਲੋਂ 3 ਹਫ਼ਤੇ ''ਚ ਟਰਾਂਸਫਰ ਪਾਲਿਸੀ ਮੁਤਾਬਕ ਕੰਮ ਕਰਨ ਦੇ ਆਦੇਸ਼
Thursday, Dec 05, 2019 - 10:52 AM (IST)

ਅੰਮ੍ਰਿਤਸਰ (ਨੀਰਜ): ਡਿਪਟੀ ਕਮਿਸ਼ਨਰ ਦਫਤਰ 'ਚ ਤਾਇਨਾਤ 23 ਕਰਮਚਾਰੀਆਂ ਦੇ ਤਬਾਦਲਿਆਂ ਦੇ ਮਾਮਲੇ 'ਚ ਜਿਥੇ 2 ਕਰਮਚਾਰੀਆਂ ਦੀ ਮੰਗ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ, ਉਥੇ ਹੀ 2 ਹੋਰ ਕਰਮਚਾਰੀਆਂ ਵੱਲੋਂ ਦਰਜ ਕੀਤੀ ਗਈ ਮੰਗ 'ਚ ਹਾਈ ਕੋਰਟ ਨੇ ਡੀ. ਸੀ. ਅੰਮ੍ਰਿਤਸਰ ਨੂੰ 3 ਹਫ਼ਤੇ ਦੇ ਅੰਦਰ ਟਰਾਂਸਫਰ ਪਾਲਿਸੀ ਅਨੁਸਾਰ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਡੀ. ਸੀ. ਦਫਤਰ ਕਰਮਚਾਰੀਆਂ ਵੱਲੋਂ ਅਦਾਲਤ ਵਿਚ ਮੰਗ ਦਰਜ ਕੀਤੀ ਗਈ ਸੀ ਕਿ ਉਨ੍ਹਾਂ ਦਾ ਤਬਾਦਲਾ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਟਰਾਂਸਫਰ ਪਾਲਿਸੀ ਅਨੁਸਾਰ ਨਹੀਂ ਕੀਤਾ ਗਿਆ। ਕੁਝ ਅਜਿਹੇ ਕਰਮਚਾਰੀਆਂ ਨੂੰ ਅਜਿਹੀਆਂ ਸੀਟਾਂ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਟਰਾਂਸਫਰ ਪਾਲਿਸੀ ਅਨੁਸਾਰ ਤਾਇਨਾਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਟਰਾਂਸਫਰਾਂ ਦੀ ਚਰਚਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਆਮ ਤੌਰ 'ਤੇ ਜੂਨ-ਜੁਲਾਈ ਦੇ ਮਹੀਨਿਆਂ 'ਚ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾਂਦੇ ਹਨ। ਹਾਲਾਂਕਿ ਡੀ. ਸੀ. ਨੂੰ ਅਧਿਕਾਰ ਹੈ ਕਿ ਉਹ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦਿਆਂ ਕਿਸੇ ਵੀ ਕਰਮਚਾਰੀ ਦਾ ਕਿਸੇ ਵੀ ਸਮੇਂ ਤਬਾਦਲਾ ਕਰ ਸਕਦੇ ਹਨ ਪਰ ਅਜਿਹਾ ਐਮਰਜੈਂਸੀ 'ਚ ਕੀਤਾ ਜਾਂਦਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ. ਸੀ. ਦਫਤਰ ਵੱਲੋਂ ਹੁਣ ਤੱਕ ਹਾਈ ਕੋਰਟ ਦੇ ਆਦੇਸ਼ਾਂ ਸਬੰਧੀ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਕੁਝ ਕਰਮਚਾਰੀ ਪ੍ਰਸ਼ਾਸਨ ਖਿਲਾਫ ਕੰਟੈਪਟ ਆਫ ਕੋਰਟ ਦੀ ਮੰਗ ਦਰਜ ਕਰਨ ਬਾਰੇ ਵੀ ਸੋਚ ਰਹੇ ਹਨ।