ਹਾਈਕਮਾਨ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕੀਤਾ ਦਿੱਲੀ ਤਲਬ

Saturday, Jan 29, 2022 - 10:23 PM (IST)

ਹਾਈਕਮਾਨ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕੀਤਾ ਦਿੱਲੀ ਤਲਬ

ਜਲੰਧਰ (ਚੋਪੜਾ) : ਬੀਤੇ ਦਿਨ ਰਾਹੁਲ ਗਾਂਧੀ ਦੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਆਗਾਜ਼ ਕਰਨ ਨੂੰ ਲੈ ਕੇ ਅੰਮ੍ਰਿਤਸਰ ਅਤੇ ਜਲੰਧਰ ਵਿਚ ਪ੍ਰੋਗਰਾਮਾਂ ਦੌਰਾਨ ਪੰਜਾਬ ਦੇ 5 ਸੰਸਦ ਮੈਂਬਰਾਂ ਦੇ ਗਾਇਬ ਰਹਿਣ ਦੇ ਮਾਮਲੇ ਨੇ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਨੂੰ ਲੈ ਕੇ ਹੁਣ ਹਾਈਕਮਾਨ ਸਖ਼ਤ ਰੁਖ਼ ਅਪਣਾਉਂਦੇ ਹੋਏ ਇਕ ਤਰ੍ਹਾਂ ਨਾਲ ਰਾਹੁਲ ਦੀ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਤੋਂ ਜਵਾਬ ਮੰਗਣ ਲਈ ਦਿੱਲੀ ਤਲਬ ਕਰਨ ਜਾ ਰਹੀ ਹੈ। ਕਾਂਗਰਸ ਨੇ ਫਿਲਹਾਲ ਤਾਂ ਪਾਰਟੀ ਵਿਚ ਸਭ ਠੀਕ ਹੋਣ ਅਤੇ ਸੰਸਦ ਮੈਂਬਰਾਂ ਵਲੋਂ ਰਾਹੁਲ ਦੇ ਪ੍ਰੋਗਰਾਮ ਦਾ ਬਾਇਕਾਟ ਕਰਨ ਦੀਆਂ ਖ਼ਬਰਾਂ ਨੂੰ ਸਿਰਫ ਅਫਵਾਹਾਂ ਹੀ ਕਰਾਰ ਦਿੱਤਾ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦਰਬਾਰ ਨੇ ਸੰਸਦ ਮੈਂਬਰਾਂ ਦੀ ਅਣਦੇਖੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਨ੍ਹਾਂ ਨੂੰ ਆਪਣੇ ਕੋਲ ਤਲਬ ਕੀਤਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼

ਹਾਈਕਮਾਨ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਾਂਗਰਸੀ ਸੰਸਦ ਮੈਂਬਰਾਂ ਜਿਨ੍ਹਾਂ ਵਿਚ ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਗਿੱਲ, ਪਰਣੀਤ ਕੌਰ ਅਤੇ ਮੁਹੰਮਦ ਸਦੀਕ ਨੇ ਅਜਿਹਾ ਮਾਹੌਲ ਉਸ ਸਮੇਂ ਬਣਾਇਆ ਜਦੋਂ ਵਿਧਾਨ ਸਭਾ ਚੋਣਾਂ ਦੇ ਸਿਰਫ ਕੁਝ ਹਫਤੇ ਪਹਿਲਾਂ ਰਾਹੁਲ ਗਾਂਧੀ ਸੂਬੇ ਵਿਚ ਕਾਂਗਰਸ ਦਾ ਚੋਣ ਬਿਗੁਲ ਵਜਾਉਣ ਪੰਜਾਬ ਆਏ ਹੋਏ ਹਨ। ਹਾਲਾਂਕਿ ਕਾਂਗਰਸੀ ਸੰਸਦ ਮੈਂਬਰਾਂ ਦੇ ਅੰਮ੍ਰਿਤਸਰ ਵਿਚ ਰਾਹੁਲ ਦੇ ਪ੍ਰੋਗਰਾਮ ਵਿਚ ਨਾ ਪੁੱਜਣ ਨੂੰ ਲੈ ਕੇ ਵੱਖ-ਵੱਖ ਗੱਲਾਂ ਕਹੀਆਂ ਹਨ ਪਰ ਚੋਣ ਸੂਬੇ ਵਿਚ ਕਾਂਗਰਸ ਜਿਸ ਤਰ੍ਹਾਂ ਪਹਿਲਾਂ ਹੀ ਧੜੇਬੰਦੀ ਅਤੇ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੈ, ਅਜਿਹੇ ਦੌਰ ਵਿਚ ਸੰਸਦ ਮੈਂਬਰਾਂ ਵਲੋਂ ਰਾਹੁਲ ਦੀ ਅਣਦੇਖੀ ਕਰਨਾ ਪਾਰਟੀ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਵਧਾ ਸਕਦੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਵਿਵਾਦ ’ਚ ਬਿਕਰਮ ਮਜੀਠੀਆ ਦੀ ਐਂਟਰੀ, ਕਿਹਾ ਜਨਤਕ ਤੌਰ ’ਤੇ ਮੰਗਣ ਮੁਆਫ਼ੀ

ਉਥੇ ਹੀ ਇਕ ਪਾਸੇ ਜਿਥੇ ਰਾਹੁਲ ਨੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਨਾਲ ਲੈ ਕੇ ਪਾਰਟੀ ਵਿਚ ਇਕਜੁਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਨ੍ਹਾਂ 5 ਸੰਸਦ ਮੈਂਬਰਾਂ ਕਾਰਨ ਰਾਹੁਲ ਦਾ ਦੌਰਾ ਇਕਜੁਟਤਾ ਦਿਖਾਉਣ ਦੀ ਬਜਾਏ ਪਾਰਟੀ ਨੂੰ ਵੰਡਿਆ ਹੋਇਆ ਦਿਖਾ ਦਿੱਤਾ ਹੈ। ਰਾਹੁਲ ਦੇ ਅੰਮ੍ਰਿਤਸਰ ਪੁੱਜਣ ਤੋਂ ਬਾਅਦ ਜਿਵੇਂ ਹੀ 5 ਸੰਸਦ ਮੈਂਬਰਾਂ ਦੇ ਬਾਇਕਾਟ ਦੀ ਖਬਰ ਸੁਰਖੀਆਂ ਬਣੀ, ਉਸੇ ਦੌਰਾਨ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਬਾਇਕਾਟ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ। ਹਾਲਾਂਕਿ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਦਿੱਤੇ 2 ਉਲਟ ਬਿਆਨਾਂ ਨੇ ਦਾਲ ਵਿਚ ਕੁਝ ਨਾਲ ਕੁਝ ਕਾਲਾ ਹੋਣ ਦੇ ਸੰਕੇਤ ਵੀ ਦਿੱਤੇ। ਸੰਸਦ ਮੈਂਬਰ ਡਿੰਪਾ ਨੇ ਖੁਦ ਟਵਿੱਟਰ ’ਤੇ ਲਿਖਿਆ ਕਿ ਨਿੱਜੀ ਕਾਰਨਾਂ ਕਰ ਕੇ ਮੈਂ ਅੰਮ੍ਰਿਤਸਰ ਦੇ ਪ੍ਰੋਗਰਾਮ ਵਿਚ ਹਾਜ਼ਰ ਨਹੀਂ ਹੋ ਸਕਿਆ ਅਤੇ ਇਸ ਬਾਰੇ ਮੈਂ ਲੀਡਰਸ਼ਿਪ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ, ਕ੍ਰਿਪਾ ਕੋਈ ਅਟਕਲਾਂ ਨਾ ਲਗਾਓ ਪਰ ਉਨ੍ਹਾਂ ਬਾਅਦ ਵਿਚ ਇਕ ਨਿੱਜੀ ਚੈਨਲ ਨੂੰ ਕਿਹਾ ਕਿ ਸਾਨੂੰ ਰਾਹੁਲ ਦੇ ਪ੍ਰੋਗਰਾਮ ਵਿਚ ਜਾਣ ਵਿਚ ਕੋਈ ਦਿੱਕਤ ਨਹੀਂ ਸੀ। ਉਨ੍ਹਾਂ ਨੂੰ ਜਾਣਕਾਰੀ ਸੀ ਕਿ ਰਾਹੁਲ ਦਾ ਪ੍ਰੋਗਰਾਮ ਸਿਰਫ 117 ਉਮੀਦਵਾਰਾਂ ਲਈ ਹੈ। ਜੇਕਰ ਸਾਨੂੰ ਬੁਲਾਇਆ ਜਾਂਦਾ ਤਾਂ ਅਸੀਂ ਯਕੀਨਣ ਗਏ ਹੁੰਦੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਭੈਣ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਪਤਨੀ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਵਲੋਂ ਖਡੂਰ ਸਾਹਿਬ ਤੋਂ ਇਕ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਡਿੰਪਾ ਪਾਰਟੀ ਤੋਂ ਨਾਰਾਜ਼ ਹਨ। ਉਨ੍ਹਾਂ ਦੇ ਪ੍ਰਮੁੱਖ ਸਹਿਯੋਗੀ ਸਤਿੰਦਰ ਸਿੰਘ ਛੱਜਲਵੱਡੀ ਟਿਕਟ ਨਾ ਮਿਲਣ ਤੋਂ ਬਾਅਦ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਅਕਾਲੀ ਦਲ ਨੇ ਜੰਡਿਆਲਾ ਤੋਂ ਉਮੀਦਵਾਰ ਐਲਾਨ ਕੀਤਾ ਹੈ। ਇਨ੍ਹਾਂ 5 ਸੰਸਦ ਮੈਂਬਰਾਂ ਵਿਚੋਂ ਇਕ ਮਨੀਸ਼ ਤਿਵਾੜੀ ਅਜਿਹੇ ਸੰਸਦ ਮੈਂਬਰ ਹਨ, ਜੋ ਕਿ ਕਾਂਗਰਸ ਦੇ ਗਰੁੱਪ-23 ਦੇ ਨੇਤਾਵਾਂ ਵਿਚ ਸ਼ਾਮਲ ਹਨ, ਜੋ ਅਕਸਰ ਪਾਰਟੀ ਲੀਡਰਸ਼ਿਪ ਦੀ ਕਾਰਜਸ਼ੈਲੀ ਅਤੇ ਪਾਰਟੀ ਦੇ ਅੰਦਰ ਦੀ ਸਥਿਤੀ ਨੂੰ ਲੈ ਕੇ ਸਵਾਲ ਉਠਾਉਂਦੇ ਆਏ ਹਨ। ਸੰਸਦ ਮੈਂਬਰ ਤਿਵਾੜੀ ਨੇ ਹਾਲ ਹੀ ਦੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸਵਾਲ ਵੀ ਉਠਾਏ ਸਨ।

ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਕੀਰਣੇ, ਵਿਆਹ ਤੋਂ ਦੋ ਦਿਨ ਬਾਅਦ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਉਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਹੈ, ਜਿਨ੍ਹਾਂ ਨੂੰ ਹਾਈਕਮਾਨ ਪਾਰਟੀ ਤੋਂ ਬੇਦਖਲ ਕਰ ਚੁੱਕੀ ਹੈ। ਪਰਨੀਤ ਕੌਰ ਆਪਣੇ ਪਤੀ ਦੇ ਸੀ. ਐੱਮ. ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਰਹੀ ਹੈ। ਉਥੇ ਹੀ ਕੈ. ਅਮਰਿੰਦਰ ਖ਼ਿਲਾਫ਼ ਬਗਾਵਤ ਦੌਰਾਨ ਕਈ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ। ਉਹ ਹੁਣ ਪੰਜਾਬ ਲੋਕ ਕਾਂਗਰਸ ਦੇ ਨਾਂ ਤੋਂ ਆਪਣੀ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜ ਰਹੇ ਹਨ। ਮੁਹੰਮਦ ਸਦੀਕ ਨੇ ਕਿਹਾ ਸੀ ਕਿ ਉਹ ਗੋਲਡਨ ਟੈਂਪਲ ਨਹੀਂ ਜਾ ਸਕੇ ਕਿਉਂਕਿ ਉਨ੍ਹਾਂ ਦੀ ਭਾਬੀ ਦਾ ਦਿਹਾਂਤ ਹੋ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਚੋਣ ਸਮਰ ਵਿਚ ਪਾਰਟੀ ਨੂੰ ਰਾਹੁਲ ਫੇਰੀ ਤੋਂ ਹੋਏ ਇਸ ਨੁਕਸਾਨ ਦੀ ਹਾਈਕਮਾਨ ਭਰਪਾਈ ਕਿਸ ਤਰ੍ਹਾਂ ਕਰ ਸਕੇਗਾ।

ਇਹ ਵੀ ਪੜ੍ਹੋ : ਫਰੀਦਕੋਟ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਜਨਾਨੀ ਦੀ ਬੁਰੀ ਤਰ੍ਹਾਂ ਕਤਲ ਕੀਤੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Gurminder Singh

Content Editor

Related News