ਨਾਭਾ ਜੇਲ ''ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪਟਿਆਲਾ ''ਚ ਹਾਈ ਅਲਰਟ

Saturday, Jun 22, 2019 - 11:20 PM (IST)

ਨਾਭਾ ਜੇਲ ''ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪਟਿਆਲਾ ''ਚ ਹਾਈ ਅਲਰਟ

ਪਟਿਆਲਾ (ਬਲਜਿੰਦਰ)— ਨਾਭਾ 'ਚ ਮਨਿੰਦਰ ਸਿੰਘ ਬਿੱਟੂ ਨਾਂ ਦੇ ਡੇਰਾ ਪ੍ਰੇਮੀ ਦੇ ਕੀਤੇ ਗਏ ਕਤਲ ਤੋਂ ਬਾਅਦ ਪਟਿਆਲਾ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਪਟਿਆਲਾ ਵਿਚ ਡੇਰਾ ਪ੍ਰੇਮੀਆਂ ਦੀ ਕਾਫੀ ਵੱਡੀ ਗਿਣਤੀ ਹੈ ਅਤੇ ਜਦੋਂ 2 ਸਾਲ ਪਹਿਲਾਂ ਪੰਚਕੂਲਾ ਹਿੰਸਾ ਹੋਈ ਸੀ, ਉਸ ਸਮੇਂ ਵੀ ਪਟਿਆਲਾ ਕਾਫੀ ਜ਼ਿਆਦਾ ਪ੍ਰਭਾਵਿਤ ਰਿਹਾ ਸੀ, ਹੁਣ ਹਾਲਾਤ ਨੂੰ ਦੇਖਦੇ ਹੋਏ ਪੂਰੇ ਜ਼ਿਲੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਵੱਲੋਂ ਸਮੁੱਚੇ ਥਾਣਾ ਮੁਖੀਆਂ ਨੂੰ ਹਰ ਸਥਿਤੀ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪੁਲਸ ਨੇ ਗੁਪਤ ਤੌਰ 'ਤੇ ਆਪਣੇ ਇੰਟੈਲੀਜੈਂਸ ਵਿੰਗ ਨੂੰ ਵੀ ਅਲਰਟ ਕਰ ਦਿੱਤਾ ਹੈ।

ਇਥੇ ਦੱਸਣਯੋਗ ਹੈ ਕਿ ਨਾਭਾ ਦੀ ਜੇਲ ਵਿਚ 2 ਸਿੱਖ ਕੈਦੀਆਂ ਨੇ ਮਨਿੰਦਰਪਾਲ ਸਿੰਘ ਬਿੱਟੂ ਦਾ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ। ਮਨਿੰਦਰਪਾਲ ਸਿੰਘ ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕੋਰ ਕਮੇਟੀ ਦਾ ਮੈਂਬਰ ਸੀ ਅਤੇ ਬੇਅਦਬੀ ਮਾਮਲੇ ਵਿਚ ਨਾਭਾ ਜੇਲ ਵਿਚ ਬੰਦ ਸੀ ਹਾਲਾਂÎਿਕ ਇਸ ਸਬੰਧੀ ਅਜੇ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰ ਰਿਹਾ ਪਰ ਹਾਲਾਤ ਨੂੰ ਦੇਖਦੇ ਹੋਏ ਜ਼ਿਲੇ ਵਿਚ ਹਾਈ-ਅਲਰਟ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਨੂੰ ਘਟਨਾ ਹੋਣ ਤੋਂ ਬਾਅਦ ਕਈ ਥਾਵਾਂ 'ਤੇ ਨਾਕਾਬੰਦੀ ਵੀ ਕਰ ਦਿੱਤੀ ਗਈ।

ਹਾਲਾਂਕਿ ਪੁਲਸ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਤਾਂ ਕਿ ਕਿਸੇ ਤਰ੍ਹਾਂ ਦੀ ਦਹਿਸ਼ਤ ਵਾਲਾ ਮਾਹੌਲ ਨਾ ਬਣੇ ਪਰ ਪੁਲਸ ਅੰਦਰੂਨੀ ਤੌਰ 'ਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੂਰੀ ਤਰ੍ਹਾਂ ਅਲਰਟ ਨਜ਼ਰ ਆ ਰਹੀ ਹੈ।


author

Baljit Singh

Content Editor

Related News