ਦੀਵਾਲੀ ’ਤੇ ਚੰਡੀਗੜ੍ਹ ’ਚ ਹਾਈ ਅਲਰਟ: ਲੱਗਣਗੇ 42 ਨਾਕੇ, ਬਾਜ਼ਾਰਾਂ ਤੇ ਮਾਲਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ

Sunday, Nov 08, 2026 - 07:08 AM (IST)

ਦੀਵਾਲੀ ’ਤੇ ਚੰਡੀਗੜ੍ਹ ’ਚ ਹਾਈ ਅਲਰਟ: ਲੱਗਣਗੇ 42 ਨਾਕੇ, ਬਾਜ਼ਾਰਾਂ ਤੇ ਮਾਲਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ

ਚੰਡੀਗੜ੍ਹ (ਸ਼ੀਨਾ) : ਦੀਵਾਲੀ ਦੇ ਤਿਉਹਾਰ ਦੌਰਾਨ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ। ਬਾਜ਼ਾਰਾਂ, ਸ਼ਾਪਿੰਗ ਮਾਲਾਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਵਾਧੂ ਪੁਲਸ ਫੋਰਸ ਤਾਇਨਾਤ ਰਹੇਗੀ, ਜਦਕਿ ਸ਼ਹਿਰ ਭਰ ’ਚ 42 ਥਾਵਾਂ ’ਤੇ ਫਲੋਟਿੰਗ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ। ਬਾਹਰੀ ਦਾਖ਼ਲਾ ਮਾਰਗਾਂ ’ਤੇ ਸਥਾਨਕ ਪੁਲਸ ਦੇ ਨਾਲ ਸੀ. ਆਰ. ਪੀ. ਐੱਫ. ਦੀ 51ਵੀਂ ਬਟਾਲੀਅਨ ਦੇ ਜਵਾਨ ਵੀ ਤਾਇਨਾਤ ਰਹਿਣਗੇ। ਪ੍ਰਮੁੱਖ ਬਾਜ਼ਾਰਾਂ ’ਚ ਐਂਟੀ-ਸੈਬੋਟਾਜ ਤੇ ਵਿਸਫੋਟਕ ਜਾਂਚ ਟੀਮਾਂ ਚੈਕਿੰਗ ਕਰਨਗੀਆਂ। ਮਹਿਲਾਵਾਂ ਦੀ ਸੁਰੱਖਿਆ ਲਈ ਵਿਸ਼ੇਸ਼ ਲੇਡੀ ਸਕੁਐਡ ਐਕਟਿਵਾ ’ਤੇ ਗਸ਼ਤ ਕਰੇਗੀ। ਪੁਲਸ ਦੀ ਕੁਇੱਕ ਰਿਸਪਾਂਸ ਟੀਮ (ਕਿਊ.ਆਰ.ਟੀ.) ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਐਮਰਜੈਂਸੀ ਨਾਲ ਨਜਿੱਠਣ ਲਈ ਹੋਮਗਾਰਡ ਦੇ 50 ਜਵਾਨਾਂ, ਆਰ. ਟੀ. ਸੀ. ਸੈਕਟਰ-26 ਦੇ ਸਟਾਫ਼, ਵਾਟਰ ਕੈਨਨ ਅਤੇ ਵਜ੍ਰ ਵਾਹਨਾਂ ਸਮੇਤ ਰਿਜ਼ਰਵ ਫੋਰਸ ਤਿਆਰ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਅਧਿਕਾਰੀਆਂ ਦੀਆਂ ਹੋ ਗਈਆਂ ਬਦਲੀਆਂ, ਜਾਰੀ ਹੋਏ ਹੁਕਮ

ਚੋਰੀ ਅਤੇ ਹੋਰ ਵਾਰਦਾਤਾਂ ਨੂੰ ਰੋਕਣ ਲਈ ਸ਼ਾਮ 6 ਤੋਂ ਰਾਤ 12 ਵਜੇ ਤੱਕ ਚੀਤਾ ਮੋਟਰਸਾਈਕਲ ਦਸਤਾ ਗਸ਼ਤ ਕਰੇਗਾ। ਸੈਕਟਰ-17, 22, 19, 26, 21, 34, 35, 8, 9, 15, 37, 38, 40, 46, ਮਨੀਮਾਜਰਾ ਅਤੇ ਐਲਾਂਤੇ ਮਾਲ ’ਚ ਪੀ. ਸੀ. ਆਰ. ਵਾਹਨ ਵੀ ਤਾਇਨਾਤ ਰਹਿਣਗੇ। 42 ਥਾਵਾਂ ’ਤੇ ਸ਼ਾਮ 4 ਤੋਂ 6, 6 ਤੋਂ 8 ਅਤੇ ਰਾਤ 8 ਤੋਂ 10 ਵਜੇ ਤੱਕ ਤਿੰਨ ਸ਼ਿਫਟਾਂ ’ਚ ਨਾਕਾਬੰਦੀ ਹੋਵੇਗੀ। ਬਾਹਰੀ ਮਾਰਗਾਂ ’ਤੇ ਸਵੇਰੇ 11 ਤੋਂ ਦੁਪਹਿਰ 2 ਅਤੇ ਸ਼ਾਮ 5 ਤੋਂ ਰਾਤ 10 ਵਜੇ ਤੱਕ ਸਾਂਝੀ ਚੈਕਿੰਗ ਕੀਤੀ ਜਾਵੇਗੀ। ਹੋਟਲਾਂ, ਗੈਸਟ ਹਾਊਸਾਂ ਅਤੇ ਧਰਮਸ਼ਾਲਾਵਾਂ ਦੀ ਵੀ ਜਾਂਚ ਹੋਵੇਗੀ। ਸੈਕਟਰ-22 ਮਾਰਕੀਟ ’ਚ ਭੀੜ ਵਧਣ ’ਤੇ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ ਅਤੇ ਭਾਰੀ ਵਾਹਨਾਂ ਦੀ ਐਂਟਰੀ ਰੋਕੀ ਜਾਵੇਗੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਾਵਾਰਿਸ ਬੈਗ, ਬ੍ਰੀਫਕੇਸ ਜਾਂ ਕੋਈ ਸ਼ੱਕੀ ਵਸਤੂ ਮਿਲਣ ’ਤੇ ਉਸ ਨੂੰ ਹੱਥ ਨਾ ਲਗਾਉਣ ਅਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8s

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News