ਪਾਕਿ ਤੋਂ ਪਠਾਨਕੋਟ ''ਚ ਘੁਸਪੈਠ ਦੇ ਖਦਸ਼ੇ ਤੋਂ ਬਾਅਦ ਅੰਮ੍ਰਿਤਸਰ ''ਚ ਹਾਈ ਅਲਰਟ

Tuesday, Apr 17, 2018 - 04:10 AM (IST)

ਅੰਮ੍ਰਿਤਸਰ,  (ਸੰਜੀਵ)-  ਪਠਾਨਕੋਟ ਦੇ ਨਰੋਟ ਜੈਮਲ ਸਿੰਘ ਵਿਚ ਪਾਕਿਸਤਾਨ ਤੋਂ ਹੋਈ ਕੁਝ ਸ਼ੱਕੀਆਂ ਦੀ ਘੁਸਪੈਠ ਦੇ ਖਦਸ਼ਾ ਕਾਰਨ ਅੰਮ੍ਰਿਤਸਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਚੱਪੇ-ਚੱਪੇ 'ਤੇ ਬਲੈਕ-ਕੈਟ ਕਮਾਂਡੋਂ ਤਾਇਨਾਤ ਕਰ ਕੇ ਸ਼ਹਿਰ ਵਿਚ ਹਰ ਆਉਣ-ਜਾਣ ਵਾਲੇ ਰਸਤੇ, ਬਾਈਪਾਸ ਅਤੇ ਅੰਦਰੂਨ ਸ਼ਹਿਰ ਵਿਚ ਸਪੈਸ਼ਲ ਨਾਕੇ ਲਾਏ ਗਏ ਹਨ। ਜਿਥੋਂ ਬਿਨਾਂ ਜਾਂਚ ਦੇ ਕਿਸੇ ਵੀ ਵਾਹਨ ਨੂੰ ਛੱਡਿਆ ਨਹੀਂ ਜਾ ਰਿਹਾ। ਖੁਫੀਆਤੰਤਰ ਨੂੰ ਪੂਰੀ ਤਰ੍ਹਾਂ ਨਾਲ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਹਿਰ ਵਿਚ ਕਿਸੇ ਤਰ੍ਹਾਂ ਨਾਲ ਸੁਰੱਖਿਆ 'ਚ ਭੁੱਲ ਨਾ ਹੋਵੇ, ਇਸ ਲਈ ਜ਼ਿਲੇ ਦੇ ਸਾਰੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਥਾਣਾ ਅਤੇ ਚੌਕੀ ਇੰਚਾਰਜਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 
ਇਸ ਦੀ ਪੁਸ਼ਟੀ ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਕੀਤੀ। ਜ਼ਿਲਾ ਪੁਲਸ ਵੱਲੋਂ ਸੜਕਾਂ 'ਤੇ ਸੁਰੱਖਿਆ ਬੱਲ ਦੀ ਭਾਰੀ ਨਿਯੁਕਤੀ ਕਰ ਕੇ ਹਰ ਮੋੜ/ਚੌਕ 'ਤੇ ਬੈਰੀਕੇਡ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲੈਕ-ਕੈਟ ਕਮਾਂਡੋ ਦੀਆਂ ਟੁਕੜੀਆਂ ਦੇ ਨਾਲ-ਨਾਲ ਆਈ. ਆਰ. ਬੀ. ਦੇ ਨੌਜਵਾਨਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਗਸ਼ਤ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਹਰ ਸ਼ੱਕੀ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।  
ਜਾਣਕਾਰੀ ਦੇ ਅਨੁਸਾਰ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਵਿਚ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਇਕ ਆਲਟੋ ਕਾਰ ਨੂੰ ਖੋਹਿਆ ਗਿਆ ਸੀ। ਖੋਹਣ ਵਾਲਿਆਂ ਨੇ ਆਰਮੀ ਦੀ ਯੂਨੀਫਾਰਮ ਪਾਈ ਹੋਈ ਸੀ ਅਤੇ ਉਨ੍ਹਾਂ ਦੇ ਕੋਲ ਹਥਿਆਰ ਵੀ ਸਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਸੀਮਾ ਪਾਰ ਪਾਕਿਸਤਾਨ ਤੋਂ ਕੁਝ ਵਿਅਕਤੀਆਂ ਵੱਲੋਂ ਘੁਸਪੈਠ ਕੀਤਾ ਅਤੇ ਉਨ੍ਹਾਂ ਨੇ ਸੜਕ 'ਤੇ ਆ ਕੇ ਕਾਰ ਖੋਹੀ,  ਜਿਸ ਉਪਰੰਤ ਹੀ ਪੁਲਸ ਹਾਈ ਅਲਰਟ 'ਤੇ ਚੱਲ ਰਹੀ ਹੈ। ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਵੀ ਸੂਚਨਾ ਹੈ ਕਿ ਪਾਕਿਸਤਾਨ ਤੋਂ ਕੁਝ ਸ਼ੱਕੀ ਪਠਾਨਕੋਟ ਦੇ ਰਸਤੇ ਪੰਜਾਬ ਵਿਚ ਦਾਖਲ ਹੋਏ ਹਨ। ਅੰਮ੍ਰਿਤਸਰ ਨੂੰ ਆਉਣ ਵਾਲੇ ਹਰ ਹਾਈਵੇ ਅਤੇ ਅੰਦਰੂਨ ਰਸਤਿਆਂ 'ਤੇ ਪੁਲਸ ਵੀ ਤਾਇਨਾਤ ਕੀਤੀ ਗਈ ਹੈ।  
ਵਰਣਨਯੋਗ ਹੈ ਕਿ ਪਹਿਲਾਂ ਵੀ ਦੋ ਵਾਰ ਪਾਕਿਸਤਾਨ ਤੋਂ ਹਥਿਆਰਬੰਦ ਅੱਤਵਾਦੀ ਘੁਸਪੈਠ ਕਰ ਚੁੱਕੇ ਹਨ, ਜਿਸ ਵਿਚ ਪਾਕਿ ਘੁਸਪੈਠੀਆਂ ਵੱਲੋਂ ਭਾਰੀ ਨੁਕਸਾਨ ਕੀਤਾ ਗਿਆ ਸੀ, ਹੁਣ ਪੰਜਾਬ ਪੁਲਸ ਕਿਸੇ ਤਰ੍ਹਾਂ ਦਾ ਵੀ ਖਤਰਾ ਨਹੀਂ ਉਠਾਉਣਾ ਚਾਹੁੰਦੀ ਜਿਸ ਕਾਰਨ ਹਾਈਵੇ ਦੇ ਨਾਲ-ਨਾਲ ਸਾਰੇ ਅੰਦਰੂਨ ਰਸਤਿਆਂ 'ਤੇ ਵੀ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। 


Related News