ਪੈਰੋਲ ਤੋਂ ਬਾਅਦ ਵਾਪਸ ਜੇਲ੍ਹ ਗਏ ਕੈਦੀ ਦੀ ਜੁੱਤੀ ''ਚੋਂ ਮਿਲੀ ਹੈਰੋਇਨ ਤੇ ਗਾਂਜਾ
Monday, Mar 20, 2023 - 02:07 PM (IST)
ਚੰਡੀਗੜ੍ਹ (ਸੁਸ਼ੀਲ) : ਪੈਰੋਲ ਤੋਂ ਬਾਅਦ ਬੁੜੈਲ ਜੇਲ੍ਹ ਪਰਤੇ ਐੱਨ. ਡੀ. ਪੀ. ਐੱਸ. ਕੇਸ 'ਚ ਸਜ਼ਾ ਕੱਟ ਰਹੇ ਕੈਦੀ ਦੀ ਜੁੱਤੀ 'ਚੋਂ ਹੈਰੋਇਨ ਅਤੇ ਗਾਂਜਾ ਬਰਾਮਦ ਹੋਇਆ। ਜੇਲ੍ਹ ਸਟਾਫ਼ ਨੇ ਨਸ਼ੇ ਵਾਲਾ ਪਦਾਰਥ ਜ਼ਬਤ ਕਰ ਕੇ ਪੁਲਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਐਡੀਸ਼ਨਲ ਸੁਪਰੀਡੈਂਟ ਜੇਲ੍ਹ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-49 ਥਾਣਾ ਪੁਲਸ ਨੇ ਮਲੋਆ ਸਥਿਤ ਸਮਾਲ ਫਲੈਟਸ ਨਿਵਾਸੀ ਵਿਕਰਮ ਉਰਫ਼ ਮੁੰਬਈ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਬੁੜੈਲ ਜੇਲ੍ਹ ਦੇ ਐਡੀਸ਼ਨਲ ਸੁਪਰੀਡੈਂਟ ਅਮਨਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਕੈਦੀ ਮਲੋਆ ਸਥਿਤ ਸਮਾਲ ਫਲੈਟਸ ਨਿਵਾਸੀ ਵਿਕਰਮ ਉਰਫ਼ ਮੁੰਬਈ ਨੂੰ 17 ਫਰਵਰੀ ਨੂੰ ਪੈਰੋਲ ਮਿਲੀ ਸੀ। 18 ਮਾਰਚ ਨੂੰ ਜੇਲ੍ਹ ਵਿਚ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਸੀ। ਪੈਰੋਲ ਦੌਰਾਨ ਉਹ ਧਨਾਸ ਸਥਿਤ ਆਪਣੇ ਘਰ ਗਿਆ ਹੋਇਆ ਸੀ। 18 ਮਾਰਚ ਨੂੰ ਜਦੋਂ ਜੇਲ੍ਹ ਪਹੁੰਚਿਆ ਤਾਂ ਸ਼ਾਮ 6 ਵਜੇ ਵਾਰਡਨ ਨੇ ਚੈਕਿੰਗ ਕੀਤੀ। ਉਸਦੀ ਜੁੱਤੀ ਦੇ ਤਲੇ ਵਿਚੋਂ ਦੋ ਸ਼ੱਕੀ ਪਾਊਚ ਨਿਕਲੇ। ਜਾਂਚ ਕੀਤੀ ਤਾਂ ਇਹ 6.1 ਗ੍ਰਾਮ ਹੈਰੋਇਨ ਅਤੇ 37.4 ਗਾਂਜਾ ਸੀ। ਸੈਕਟਰ-49 ਥਾਣਾ ਪੁਲਸ ਨੇ ਕੈਦੀ ’ਤੇ ਮਾਮਲਾ ਦਰਜ ਕੀਤਾ।
ਐੱਨ. ਡੀ. ਪੀ. ਐੱਸ. ਕੇਸ ’ਚ 10 ਸਾਲ ਦੀ ਸਜ਼ਾ
ਚੰਡੀਗੜ੍ਹ ਪੁਲਸ ਨੇ ਮਲੋਆ ਸਥਿਤ ਸਮਾਲ ਫਲੈਟਸ ਨਿਵਾਸੀ ਵਿਕਰਮ ਨੂੰ ਐੱਨ. ਡੀ. ਪੀ. ਐੱਸ. ਐਕਟ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ। 18 ਜਨਵਰੀ 2019 ਨੂੰ ਸੈਕਟਰ-36 ਥਾਣਾ ਪੁਲਸ ਨੇ ਮੁਲਜ਼ਮ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ ਵਿਕਰਮ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।