ਜੇਲ ਵਿਚ ਹੈਰੋਇਨ ਲੈ ਕੇ ਜਾ ਰਿਹਾ ਲੈਬ ਟੈਕਨੀਸ਼ੀਅਨ ਗ੍ਰਿਫਤਾਰ

04/09/2019 4:11:51 PM

ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ ਵਿਚ ਨਸ਼ਿਆਂ ਤੇ ਮੋਬਾਇਲ ਦਾ ਨੈਟਵਰਕ ਚਲਾਉਣ ਵਿਚ ਕੋਈ ਬਾਹਰੀ ਅਨਸਰ ਨਹੀਂ ਸਗੋਂ ਜੇਲ ਵਿਚ ਤਾਇਨਾਤ ਸਟਾਫ ਹੀ ਸਹਿਯੋਗ ਦੇ ਰਿਹਾ ਹੈ। ਇਹ ਹੈਰਾਨੀਜਨਕ ਖੁਲਾਸਾ ਸੋਮਵਾਰ ਸ਼ਾਮ ਉਸ ਸਮੇਂ ਹੋਇਆ ਜਦ ਜੇਲ ਦਾ ਲੈਬ ਟੈਕਨੀਸ਼ੀਅਨ ਆਪਣੇ ਬੂਟਾਂ ਵਿਚ ਲੁਕੋ ਕੇ ਕਿਸੇ ਹਵਾਲਾਤੀ ਲਈ ਹੈਰੋਇਨ ਲੈ ਕੇ ਜਾ ਰਿਹਾ ਸੀ ਤਾਂ ਤਲਾਸ਼ੀ ਦੌਰਾਨ ਉਹ ਫੜਿਆ ਗਿਆ। ਜੇਲ ਦੇ ਸਹਾਇਕ ਸੁਪਰੀਡੈਂਟ ਤਰਸੇਮ ਪਾਲ ਸ਼ਰਮਾ ਨੇ ਦੋਸ਼ੀ ਲੈਬ ਟੈਕਨੀਸ਼ੀਅਨ, ਹਵਾਲਾਤੀ ਤੇ ਹਵਾਲਾਤੀ ਦੇ ਬਾਪ ਖਿਲਾਫ ਥਾਣਾ ਸਿਟੀ ਵਿਚ ਪਰਚਾ ਦਰਜ ਕਰਵਾਇਆ ਹੈ। 
ਸਹਾਇਕ ਸੁਪਰੀਡੈਂਟ ਨੇ ਦੱਸਿਆ ਕਿ ਜੇਲ ਵਿਚ ਮੋਬਾਇਲਾਂ ਤੇ ਨਸ਼ੇ ਦਾ ਨੈਟਵਰਕ ਤੋੜਣ ਲਈ ਪੂਰੀ ਸਖਤੀ ਵਰਤੀ ਜਾ ਰਹੀ ਹੈ ਤੇ ਕੈਦੀਆਂ, ਹਵਾਲਾਤੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜੇਲ੍ਹ ਵਿਚ ਆਉਣ ਵਾਲੇ ਹਰ ਸਟਾਫ ਮੈਂਬਰ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਲਾਸ਼ੀ ਮੁਹਿੰਮ ਦੌਰਾਨ ਸੋਮਵਾਰ ਸ਼ਾਮ ਲੈਬ ਟੈਕਨੀਸ਼ੀਅਨ ਵਿਨੋਦ ਕੁਮਾਰ ਜਦ ਡਿਊਟੀ ਤੇ ਆਇਆ ਤਾਂ ਉਸਦੀ ਤਲਾਸ਼ੀ ਦੌਰਾਨ ਉਸ ਦੇ ਬੂਟਾਂ ਵਿਚ ਲੁਕੋ ਕੇ ਰੱਖੀ 38 ਗ੍ਰਾਮ ਹੈਰੋਇਨ ਮਿਲੀ। ਵਿਨੋਦ ਕੁਮਾਰ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਉਸ ਤੋਂ ਪੁੱਛਤਾਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਇਹ ਹੈਰੋਇਨ ਜੇਲ ਵਿਚ ਬੰਦ ਹਵਾਲਾਤੀ ਪਵਿੱਤਰ ਸਿੰਘ ਪਿੰਡ ਨਾਜੂ ਸ਼ਾਹ ਮਿਸ਼ਰੀ ਲਈ ਲੈ ਕੇ ਜਾ ਰਿਹਾ ਸੀ ਜੋ ਉਸ ਨੂੰ ਜੇਲ ਦੇ ਬਾਹਰ ਉਸਦੇ ਬਾਪ ਗੁਰਦਿੱਤ ਸਿੰਘ ਨੇ ਦਿੱਤੀ ਸੀ। ਥਾਣਾ ਸਿਟੀ ਦੇ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਤਿੰਨਾਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਲੈਬ ਟੈਕਨੀਸ਼ੀਅਨ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਗੁਰਦਿੱਤ ਸਿੰਘ ਦੀ ਗਿਰਫਤਾਰੀ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਬਰਾਮਦ ਹੈਰੋਇਨ ਦੀ ਕੀਮਤ ਕਰੀਬ 19 ਲੱਖ ਰੁਪਏ ਦੱਸੀ ਜਾ ਰਹੀ ਹੈ।


Gurminder Singh

Content Editor

Related News